ਅਮਰੀਕੀ ਰਾਸ਼ਟਰਪਤੀ ਤੇ ਸਿਹਤ ਅਧਿਕਾਰੀਆਂ ਵਿਚਾਲੇ ਨਹੀਂ ਤਾਲਮੇਲ : ਡਾ. ਫਾਊਚੀ

493
Share

ਟਰੰਪ ਨੇ ਸੀ.ਡੀ.ਸੀ. ‘ਤੇ ਝੂਠ ਬੋਲਣ ਦਾ ਲਾਇਆ ਦੋਸ਼
ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦਫਤਰ ਅਤੇ ਸਿਹਤ ਕਰਮੀਆਂ ਵਿਚਾਲੇ ਅਸਹਿਮਤੀ ਦੇਖਣ ਨੂੰ ਮਿਲੀ ਹੈ, ਉਥੇ ਦੂਜੇ ਪਾਸੇ ਅਮਰੀਕਾ ‘ਚ ਕੋਰੋਨਾ ਲਾਗ ਦਾ ਵੱਧਣਾ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਅਤੇ ਸਿਹਤ ਅਧਿਕਾਰੀਆਂ ਵਿਚਾਲੇ ਤਾਲਮੇਲ ਨਾ ਹੋਣ ਦੇ ਨਾਲ-ਨਾਲ ਹੋਰ ਅਹਿਮ ਗੱਲਾਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਨੂੰ ਰੀ-ਟਵੀਟ ਕੀਤਾ ਹੈ, ਜਿਸ ਵਿਚ ਕੋਵਿਡ-19 ਨੂੰ ਲੈ ਕੇ ਅਮਰੀਕੀ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ‘ਤੇ ਝੂਠ ਬੋਲਣ ਦਾ ਦੋਸ਼ ਹੈ।
ਵ੍ਹਾਈਟ ਹਾਊਸ ਨੇ ਵਾਇਰਸ ਰੋਗ ਦੇ ਸਿਖਰਲੇ ਮਾਹਿਰ ਡਾ. ਐਂਥਨੀ ਫਾਓਚੀ ਨੂੰ ਕਈ ਮਾਮਲਿਆਂ ‘ਚ ਗਲਤ ਦੱਸਿਆ ਹੈ ਤੇ ‘ਬਲੀ ਦੇ ਬਕਰੇ’ ਵਜੋਂ ਮੂਹਰੇ ਕਰਨਾ ਸ਼ੁਰੂ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਫੌਚੀ ਵੱਲੋਂ ਕੀਤੀਆਂ ਕਥਿਤ ‘ਗ਼ਲਤੀਆਂ’ ਦੀ ਲੰਮੀ ਚੌੜੀ ਸੂਚੀ ਜਨਤਕ ਕੀਤੀ ਹੈ। ਵ੍ਹਾਈਟ ਹਾਊਸ ਦੀ ਇਸ ਪੇਸ਼ਕਦਮੀ ਨਾਲ ਲੜਾਈ ਹੁਣ ਫੌਚੀ ਬਨਾਮ ਰਾਸ਼ਟਰਪਤੀ ਡੋਨਲਡ ਟਰੰਪ ਬਣ ਗਈ ਹੈ। ਉਧਰ ਫੌਚੀ ਨੇ ਫਾਇਨਾਂਸ਼ੀਅਲ ਟਾਈਮਜ਼ ਨੂੰ ਦਿੱਤੀ ਇੰਟਰਵਿਊ ‘ਚ ਸਾਫ਼ ਕਰ ਦਿੱਤਾ ਕਿ ਉਸ ਨੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਟਰੰਪ ਨੂੰ ਕਰੋਨਾ ਮਹਾਮਾਰੀ ਦੇ ਮੁੱਦੇ ‘ਤੇ ਕੋਈ ਹਦਾਇਤ/ਸਲਾਹ ਨਹੀਂ ਦਿੱਤੀ। ਉਧਰ ਅਮਰੀਕਾ ਦੇ ਸਾਬਕਾ ਸਿੱਖਿਆ ਮੰਤਰੀ ਆਰਨੇ ਡੰਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੁਲਕ ‘ਚ ਕਰੋਨਾ ਕਰਕੇ ਜੇਕਰ 10 ਹਜ਼ਾਰ ਤੋਂ 20 ਹਜ਼ਾਰ ਹੋਰ ਮੌਤਾਂ ਹੁੰਦੀਆਂ ਹਨ, ਤਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਵੱਖਰਾ ਨਹੀਂ ਕਰਨਾ। ਇਹ ਮਨੁੱਖ ਦੀ ਬਣਾਈ ਬਿਪਤਾ ਹੈ। ਟਰੰਪ ਦੀ ਗੱਲ ਸੁਣਨ ਦੀ ਥਾਂ ਮੁਕਾਮੀ ਸਿਹਤ ਮਾਹਿਰਾਂ ਦੀ ਸੁਣੋ।’


Share