ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕਰੀਬੀ ਦੋਸਤ ਸਟੇਨਲੀ ਚੇਰਾ ਦੀ ਕੋਰੋਨਾਵਾਇਰਸ ਨਾਲ ਮੌਤ

875
Share

ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ)- ਰਿਪਬਲੀਕਨ ਪਾਰਟੀ ਦੇ ਸਭ ਤੋਂ ਵੱਡੇ ਸਮਰਥਕ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਦੋਸਤ ਸਟੇਨਲੀ ਚੇਰਾ ਦਾ ਐਤਵਾਰ ਨੂੰ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ। ਸਟੇਨਲੀ ਨਿਊਯਾਰਕ ‘ਚ ਸਭ ਤੋਂ ਵੱਡੇ ਰੀਅਲ ਅਸਟੇਟ ਡਿਵੈਲਪਰਾਂ ਵਿਚੋਂ ਇੱਕ ਸਨ ਅਤੇ ਉਨ੍ਹਾਂ ਨੂੰ ਕੱਟੜ ਰਿਪਬਲੀਕਨ ਸਮਰਥਕ ਮੰਨਿਆ ਜਾਂਦਾ ਸੀ। ਸਟੇਨਲੀ ਨੇ ਹੀ ਟਰੰਪ ਦੇ ਚੋਣ ਪ੍ਰਚਾਰ ਲਈ ਵੱਡੀ ਰਕਮ ਦਾਨ ਕੀਤੀ ਸੀ। ਸਟੇਨਲੀ ਅਕਸਰ ਟਰੰਪ ਨੂੰ ਜਨਤਕ ਮੰਚਾਂ ‘ਤੇ ਆਪਣਾ ਨਜ਼ਦੀਕੀ ਦੋਸਤ ਦੱਸਦੇ ਰਹੇ ਹਨ।
ਸਟੇਨਲੀ ਨਾ ਸਿਰਫ਼ ਰਿਪਬਲੀਕਨ ਪਾਰਟੀ ਦਾ ਸਮਰਥਕ ਸੀ, ਸਗੋਂ ਡੋਨਾਲਡ ਟਰੰਪ ਦਾ ਕਰੀਬੀ ਦੋਸਤ ਤੇ ਸਲਾਹਕਾਰ ਵੀ ਮੰਨਿਆ ਜਾਂਦਾ ਸੀ। ਫੈਡਰਲ ਇਲੈਕਸ਼ਨ ਕਮਿਸ਼ਨ ਦੇ ਅਨੁਸਾਰ ਸਾਲ 2016 ਤੋਂ 2019 ਦੇ ਵਿਚਕਾਰ ਸਟੇਨਲੀ ਨੇ ਰਿਪਬਲੀਕਨ ਪਾਰਟੀ, ਟਰੰਪ ਦੇ ਚੋਣ ਪ੍ਰਚਾਰ ਲਈ 4 ਮਿਲੀਅਨ ਡਾਲਰ (ਲਗਭਗ 3 ਕਰੋੜ ਰੁਪਏ) ਦਾਨ ਕੀਤੇ ਸਨ। ਸਟੇਨਲੀ ਦਾ ਪਰਿਵਾਰ ਬੱਚਿਆਂ ਲਈ ਖਿਡੌਣੇ ਬਣਾਉਣ ਵਾਲੀ ਕੰਪਨੀ ਦਾ ਮਾਲਕ ਸੀ, ਪਰ ਨਿਊਯਾਰਕ ਆ ਕੇ ਰੀਅਲ ਅਸਟੇਟ ਵਿਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ। ਸਟੇਨਲੀ ਦੀ ਰੀਅਲ ਅਸਟੇਟ ਕੰਪਨੀ ਕ੍ਰਾਊਨ ਐਕਵਿਜ਼ਨ ਕਾਫ਼ੀ ਮਸ਼ਹੂਰ ਹੈ। ਇਸ ਕੰਪਨੀ ਕੋਲ ਨਿਊਯਾਰਕ ਦੀ ਕਈ ਪ੍ਰਸਿੱਧ ਜਾਇਦਾਦਾਂ ਜਿਵੇਂ ਸੇਂਟ ਰੈਜਿਸ ਨਿਊਯਾਰਕ ਤੇ ਕਾਰਟਰ ਮੇਂਸ਼ਨ ਵੀ ਹਨ।
ਸਟੇਨਲੀ ਦਾ ਨਾਂਅ ਟਰੰਪ ਦੇ ਜਵਾਈ ਤੇ ਵ੍ਹਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਜੈਰੇਡ ਕੁਸ਼ਨਰ ਨਾਲ ਵੀ ਜੋੜਿਆ ਗਿਆ ਸੀ। ਦੋਸ਼ ਲੱਗਿਆ ਸੀ ਕਿ ਸਟੇਨਲੀ ਨੇ ਕੁਸ਼ਨੇਰ ਦੀ ਮਾਲਕੀ ਵਾਲੀ ਇੱਕ ਨਿੱਜੀ ਫ਼ਰਮ ਕੈਰਲਿਲ ਗਰੁੱਪ ਦੇ ਰਾਹੀਂ ਸਾਲ 2008 ‘ਚ ਇੱਕ ਵੱਡਾ ਰੀਅਲ ਅਸਟੇਟ ਸੌਦਾ ਕੀਤਾ ਸੀ। ਕੈਰਲਿਲ ਗਰੁੱਪ ਅਤੇ ਕ੍ਰਾਊਨ ਐਕਵਿਜ਼ਨ ਨੇ 666 ਫਿਫਥ ਐਵੀਨਿਊ ਨਿਊਯਾਰਕ ਵਿਖੇ ਵੱਡਾ ਨਿਵੇਸ਼ ਕੀਤਾ ਸੀ, ਜੋ ਕੁਸ਼ਨੇਰ ਦੀ ਜਾਇਦਾਦ ਹੈ।
ਬਾਅਦ ‘ਚ ਇਸ ਸੌਦੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਇੱਥੇ ਬਣੀ ਇਮਾਰਤ ਨੂੰ ਬੁੱਕਫੀਲਡ ਪ੍ਰਾਪਰਟੀ ਨੂੰ ਵੇਚ ਦਿੱਤਾ ਗਿਆ। ਟਰੰਪ ਨੇ ਵੀ ਖੁੱਲੇ ਤੌਰ ‘ਤੇ ਸਟੇਨਲੀ ਦਾ ਸਮਰਥਨ ਕੀਤਾ ਅਤੇ ਸਾਲ 2019 ਵਿਚ ਉਨ੍ਹਾਂ ਨੇ ਸਟੇਨਲੀ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਰੀਅਲ ਅਸਟੇਟ ਕਾਰੋਬਾਰੀ ਕਿਹਾ ਸੀ। ਟਰੰਪ ਨੇ ਇੱਕ ਚੋਣ ਰੈਲੀ ਵਿਚ ਕਿਹਾ ਸੀ ਕਿ ਸਟੇਨਲੀ ਕਾਰੋਬਾਰ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਉਨ੍ਹਾਂ ਦੇ ਨਾਲ ਰਹੇ ਸਨ ਅਤੇ ਹਮੇਸ਼ਾ ਉਨ੍ਹਾਂ ਦਾ ਸਾਥ ਨਿਭਾਉਂਦੇ ਸਨ।


Share