ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਟਰੰਪ ਤੇ ਜੋਅ ਬਾਇਡਨ ਵਿਚਕਾਰ ਹੋਈ ਡਿਬੇਟ

636
Share

ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਲਗਭਗ 1 ਮਹੀਨੇ ਦਾ ਹੀ ਸਮਾਂ ਰਹਿ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਵਿਚਕਾਰ ਡਿਬੇਟ ਕਰਵਾਈ ਗਈ। 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਜਨਤਾ ਦੀ ਰਾਇ ਤੈਅ ਕਰਨ ‘ਚ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਡਿਬੇਟ ‘ਚ ਭਾਰਤ ‘ਤੇ ਕੋਰੋਨਾ ਦੇ ਸਹੀ ਅੰਕੜੇ ਪੇਸ਼ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਜੋਅ ਬਾਇਡਨ ਨੇ ਟਰੰਪ ‘ਤੇ ਅਮਰੀਕਾ ‘ਚ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ‘ਚ ਅਸਫਲ ਰਹਿਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਕੋਈ ਤਿਆਰੀ ਨਹੀਂ ਕੀਤੀ ਸੀ। ਬਾਇਡਨ ਨੇ ਕਿਹਾ ਕਿ ਅਮਰੀਕਾ ‘ਚ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਖਤਰਿਆਂ ਨੂੰ ਲੈ ਕੇ ਕੋਈ ਯੋਜਨਾ ਨਹੀਂ ਬਣਾਈ। ਇਸ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੋਰੋਨਾ ਦਾ ਸਾਹਮਣਾ ਕੀਤਾ ਹੈ। ਮੌਤ ਦਾ ਅੰਕੜਾ ਇਸ ਲਈ ਸਭ ਤੋਂ ਜ਼ਿਆਦਾ ਹੈ ਕਿਉਂਕਿ ਅਮਰੀਕਾ ਨੇ ਸਹੀ ਡਾਟਾ ਪੇਸ਼ ਕੀਤਾ ਹੈ, ਜਦਕਿ ਚੀਨ, ਰੂਸ ਅਤੇ ਭਾਰਤ ਮੌਤ ਦਾ ਸਹੀ ਅੰਕੜਾ ਨਹੀਂ ਦੇ ਰਹੇ।
ਬਾਇਡਨ ਨੇ ਕੋਰੋਨਾ ਟੀਕੇ ਨੂੰ ਲੈ ਕੇ ਟਰੰਪ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਟਰੰਪ ਨੇ ਵਿਗਿਆਨੀਆਂ ‘ਤੇ ਦਬਾਅ ਪਾਇਆ, ਜਿਸ ਨਾਲ ਜਲਦੀ ਤੋਂ ਜਲਦੀ ਟੀਕਾ ਬਣ ਸਕੇ। ਮੈਨੂੰ ਟਰੰਪ ‘ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਇਸ ‘ਤੇ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ, ਜਲਦੀ ਹੀ ਤੁਹਾਡੇ ਕੋਲ ਟੀਕਾ ਹੋਵੇਗਾ। ਹੋਰ ਮੁੱਦਿਆਂ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜਾਂ ਅਤੇ ਸਿਹਤ ਕਾਮਿਆਂ ਨੂੰ ਲੈ ਕੇ ਟਰੰਪ ਤੇ ਬਾਇਡਨ ਵਿਚਕਾਰ ਤਿੱਖੀ ਬਹਿਸ ਹੋਈ।


Share