ਵਾਸ਼ਿੰਗਟਨ, 6 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਰਸਮੀ ਤੌਰ ‘ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋ ਗਏ ਹਨ। ਬਿਡੇਨ ਨੇ ਡੈਮੋਕ੍ਰੇਟਿਕ ਨਾਮਜ਼ਦਗੀ ਹਾਸਲ ਕਰਨ ਲਈ 1,991 ਤੋਂ ਵਧੇਰੇ ਪ੍ਰਤੀਨਿਧੀਆਂ ਨੂੰ ਸੁਰੱਖਿਅਤ ਕੀਤਾ ਹੈ। ਸ਼ੁੱਕਰਵਾਰ ਰਾਤ ਇਕ ਬਿਆਨ ਵਿਚ ਬਿਡੇਨ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਸਭ ਤੋਂ ਪ੍ਰਭਾਵਸ਼ਾਲੀ ਉਮੀਦਵਾਰਾਂ ਨਾਲ ਨਾਮਜ਼ਦਗੀ ਲਈ ਮੁਕਾਬਲਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਰਾਸ਼ਟਰਪਤੀ ਚੋਣ ਇਕਜੁੱਟ ਪਾਰਟੀ ਦੀ ਤਰ੍ਹਾਂ ਲੜਨ ਜਾ ਰਹੇ ਹਾਂ।
7 ਸੂਬੇ ਵਿਚ ਪ੍ਰਾਇਮਰੀ ਚੋਣਾਂ ਜਿੱਤ ਚੁੱਕੇ ਹਨ ਬਿਡੇਨ-
ਬਿਡੇਨ ਨੇ 7 ਸੂਬਿਆਂ ਵਿਚ ਪ੍ਰਾਇਮਰੀ ਚੋਣਾਂ ਵਿਚ ਜਿੱਤ ਦਰਜ ਕੀਤੀ। ਉਨ੍ਹਾਂ ਨੇ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ ਸਭ ਤੋਂ ਵਧੇਰੇ ਪ੍ਰਤੀਨਿਧੀ ਪੈਨਸਿਲਵੇਨੀਆ ਤੋਂ ਮਿਲੇ। ਉਹ ਮੈਰੀਲੈਂਡ, ਇੰਡੀਆਨਾ, ਰਹੋੜੇ ਆਈਲੈਂਡ, ਨਿਊ ਮੈਕਸੀਕੋ, ਮੋਨਟਾਨਾ ਅਤੇ ਦੱਖਣੀ ਡਕੋਟਾ ਤੋਂ ਚੋਣ ਜਿੱਤੇ। 2020 ਦੀਆਂ ਕਈ ਪ੍ਰਾਇਮਰੀ ਚੋਣਾਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਰੀ ਨਾਲ ਹੋਈਆਂ। 17 ਮਾਰਚ ਤੇ 7 ਅਪ੍ਰੈਲ ਦੇ ਵਿਚਕਾਰ ਕੋਈ ਪ੍ਰਾਇਮਰੀ ਚੋਣ ਆਯੋਜਿਤ ਨਹੀਂ ਕੀਤੀ ਗਈ ਸੀ, ਇਸ ਦੌਰਾਨ ਮੇਲ ਰਾਹੀਂ ਵੋਟ ਪਾਉਣ ਦਾ ਪ੍ਰਸਤਾਵ ਲਿਆਂਦਾ ਗਿਆ।
ਦੱਸ ਦਈਏ ਕਿ ਬਰਨੀ ਸਾਂਡਰਸ ਨੇ ਵਿਸਕਾਨਸਿਨ ਪ੍ਰਾਇਮਰੀ ਵਿਚ ਹਾਰਨ ਦੇ ਬਾਅਦ ਆਪਣੀ ਮੁਹਿੰਮ ‘ਤੇ ਰੋਕ ਲਗਾ ਦਿੱਤੀ। ਇਸ ਦੇ ਬਾਅਦ ਬਿਡੇਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਵਿਅਕਤੀ ਦੇ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਉਮੀਦਵਾਰ ਦੇ ਰੂਪ ਵਿਚ ਉੱਭਰੇ ਹਨ।