ਅਮਰੀਕੀ ਰਾਸ਼ਟਰਪਤੀ ਚੋਣਾਂ : ਡੈਮੋਕ੍ਰੇਟਿਕ ਪਾਰਟੀ ਵਲੋਂ ਉਮੀਦਵਾਰੀ ਲਈ ਜੋਅ ਬਿਡੇਨ ਦੇ ਨਾਂ ‘ਤੇ ਲੱਗੀ ਮੋਹਰ

714
Share

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਰਸਮੀ ਤੌਰ ‘ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ। ਸ਼ੁੱਕਰਵਾਰ ਦੀ ਰਾਤ 77 ਵਰ੍ਹਿਆਂ ਦੇ ਬਿਡੇਨ ਕੁੱਲ 3,979 ਡੈਲੀਗੇਟਾਂ ਵਿਚੋਂ ਅੱਧੇ ਤੋਂ ਵੱਧ 1,991 ਡੈਲੀਗੇਟਾਂ ਦਾ ਸਮਰਥਨ ਹਾਸਲ ਕਰਕੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਦੇ ਉਮੀਦਵਾਰ ਲਈ ਨਾਮਜ਼ਦਗੀ ਜਿੱਤ ਗਏ ਹਨ।
ਜੋਅ ਬਿਡੇਨ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਸਭ ਤੋਂ ਪ੍ਰਭਾਵਸ਼ਾਲੀ ਉਮੀਦਵਾਰਾਂ ਨਾਲ ਨਾਮਜ਼ਦਗੀ ਲਈ ਮੁਕਾਬਲਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਰਾਸ਼ਟਰਪਤੀ ਚੋਣ ਇਕਜੁੱਟ ਪਾਰਟੀ ਦੀ ਤਰ੍ਹਾਂ ਲੜਨ ਜਾ ਰਹੇ ਹਾਂ।
ਜੋਅ ਬਿਡੇਨ ਨੇ ਕਿਹਾ ਕਿ ਮੈਂ ਇਸ ਮਹਾਨ ਦੇਸ਼ ‘ਚ ਸਾਰੇ ਅਮਰੀਕੀਆਂ ਦੇ ਵੋਟ ਹਾਸਲ ਕਰਨ ਲਈ ਹੁਣ ਤੋਂ 3 ਨਵੰਬਰ ਵਿਚਕਾਰ ਹਰ ਦਿਨ ਬਤੀਤ ਕਰਨ ਜਾ ਰਿਹਾ ਹਾਂ, ਤਾਂਕਿ ਅਸੀਂ ਇਸ ਰਾਸ਼ਟਰ ਦੀ ਆਤਮਾ ਲਈ ਲੜਾਈ ਜਿੱਤ ਸਕੀਏ। ਇਸ ਦੇ ਨਾਲ ਹੀ ਇਹ ਸੁਨਿਸ਼ਚਿਤ ਕਰਨ ਸਕੀਏ ਕਿ ਜਿਵੇਂ-ਜਿਵੇਂ ਅਸੀਂ ਆਪਣੀ ਅਰਥ ਵਿਵਸਥਾ ਦਾ ਮੁੜ ਨਿਰਮਾਣ ਕਰੀਏ, ਤਾਂ ਬਾਕੀ ਲੋਕ ਵੀ ਇਸ ਨਾਲ ਜੁੜਦੇ ਰਹਿਣ।
ਬਿਡੇਨ ਨੇ 7 ਸੂਬਿਆਂ ‘ਚ ਪ੍ਰਾਇਮਰੀ ਚੋਣਾਂ ‘ਚ ਜਿੱਤ ਦਰਜ ਕੀਤੀ। ਉਨ੍ਹਾਂ ਨੇ ਪਿਛਲੇ ਹਫਤੇ ਹੋਈਆਂ ਚੋਣਾਂ ‘ਚ ਸਭ ਤੋਂ ਵਧੇਰੇ  ਪ੍ਰਤੀਨਿਧੀ ਪੈਨਸਿਲਵੇਨੀਆ ਤੋਂ ਮਿਲੇ। ਉਹ ਮੈਰੀਲੈਂਡ, ਇੰਡੀਆਨਾ, ਰਹੋੜੇ ਆਈਲੈਂਡ, ਨਿਊ ਮੈਕਸੀਕੋ, ਮੋਨਟਾਨਾ ਅਤੇ ਦੱਖਣੀ ਡਕੋਟਾ ਤੋਂ ਚੋਣ ਜਿੱਤੇ। 2020 ਦੀਆਂ ਕਈ ਪ੍ਰਾਇਮਰੀ ਚੋਣਾਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਦੇਰੀ ਨਾਲ ਹੋਈਆਂ। 17 ਮਾਰਚ ਤੇ 7 ਅਪ੍ਰੈਲ ਦੇ ਵਿਚਕਾਰ ਕੋਈ ਪ੍ਰਾਇਮਰੀ ਚੋਣ ਆਯੋਜਿਤ ਨਹੀਂ ਕੀਤੀ ਗਈ ਸੀ, ਇਸ ਦੌਰਾਨ ਮੇਲ ਰਾਹੀਂ ਵੋਟ ਪਾਉਣ ਦਾ ਪ੍ਰਸਤਾਵ ਲਿਆਂਦਾ ਗਿਆ। ਦੱਸ ਦੇਈਏ ਕਿ ਬਰਨੀ ਸੈਂਡਰਸ ਨੇ ਵਿਸਕਾਨਸਿਨ ਪ੍ਰਾਇਮਰੀ ਵਿਚ ਹਾਰਨ ਦੇ ਬਾਅਦ ਆਪਣੀ ਮੁਹਿੰਮ ‘ਤੇ ਰੋਕ ਲਗਾ ਦਿੱਤੀ। ਇਸ ਦੇ ਬਾਅਦ ਬਿਡੇਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਵਿਅਕਤੀ ਦੇ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਉਮੀਦਵਾਰ ਦੇ ਰੂਪ ਵਿਚ ਉੱਭਰੇ ਹਨ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ (2009 ਤੋਂ 2017) ਦੌਰਾਨ ਉਪ-ਰਾਸ਼ਟਰਪਤੀ ਰਹੇ ਜੋਅ ਬਿਡੇਨ ਨੂੰ ਅਗਸਤ ‘ਚ ਵਿਸਕਾਨਸਿਨ ਵਿਚ ਹੋਣ ਵਾਲੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਮੌਕੇ ਰਸਮੀਂ ਤੌਰ ‘ਤੇ ਨਾਮਜ਼ਦ ਕੀਤਾ ਜਾਵੇਗਾ। ਡੈਲੀਗੇਟਾਂ ਦਾ ਬਹੁਮਤ ਹਾਸਲ ਕਰਨ ਮਗਰੋਂ ਬਿਡੇਨ ਨੇ ਕਿਹਾ ਕਿ ਅਮਰੀਕਾ ਆਪਣੇ ਇਤਿਹਾਸ ਦੇ ਮੁਸ਼ਕਲ ਦੌਰ ‘ਚੋਂ ਲੰਘ ਰਿਹਾ ਹੈ ਅਤੇ ਟਰੰਪ ਦੀ ਗੁਸੈਲ ਤੇ ਵੰਡ-ਪਾਊ ਸਿਆਸਤ ਇਸ ਦਾ ਹੱਲ ਨਹੀਂ ਹੈ। ਊਨ੍ਹਾਂ ਕਿਹਾ, ”ਦੇਸ਼ ਲੀਡਰਸ਼ਿਪ ਲਈ ਵਿਲਕ ਰਿਹਾ ਹੈ। ਅਜਿਹੀ ਲੀਡਰਸ਼ਿਪ ਜੋ ਸਾਨੂੰ ਇਕਜੁੱਟ ਕਰ ਕਰੇ। ਸਾਨੂੰ ਇਸ ਵੇਲੇ ਅਜਿਹੇ ਅਰਥਚਾਰੇ ਦੀ ਲੋੜ ਹੈ ਜੋ ਹਰੇਕ ਲਈ ਕੰਮ ਕਰੇ।” ਉਨ੍ਹਾਂ ਅੱਗੇ ਕਿਹਾ, ”ਸਾਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਸਾਡੇ ਜ਼ਖ਼ਮ ਭਰਨ ਦੀ ਪ੍ਰਵਾਹ ਕਰਦਾ ਹੋਵੇ।” ਦੱਸਣਯੋਗ ਹੈ ਕਿ ਜੋਅ ਬਿਡੇਨ ਭਾਰਤ ਅਤੇ ਅਮਰੀਕਾ ਸਬੰਧਾਂ ਦਾ ਸਮਰਥਕ ਰਿਹਾ ਹੈ।


Share