ਅਮਰੀਕੀ ਰਾਸ਼ਟਰਪਤੀ ਚੋਣਾਂ; ਟਰੰਪ ਵੱਲੋਂ ਆਪਣੀ ਚੋਣ ਮੁਹਿੰਮ ਲਈ ਇਕ ਸਿੱਖ ਬੀਬੀ ਸਣੇ ਚਾਰ ਸਿੱਖ ਸਲਾਹਕਾਰਾਂ ਦੀ ਨਿਯੁਕਤੀ

505
Share

ਵਾਸ਼ਿੰਗਟਨ, 7 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਸ਼ੁੱਕਰਵਾਰ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਹਸਪਤਾਲ ਜਾਣ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਲਈ ਚਾਰ ਸਿੱਖ ਸਲਾਹਕਾਰਾਂ ਦੀ ਅਮਰੀਕਾ ਵਿਚ ਨਿਯੁਕਤੀ ਕੀਤੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਪਹਿਲਾ ਸਿੱਖਸ ਫਾਰ ਟਰੰਪ ਨੂੰ ਰਸਮੀ ਤੌਰ ‘ਤੇ ਆਪਣੀ ਚੋਣ ਦਾ ਹਿੱਸਾ ਬਣਾ ਚੁੱਕੇ ਹਨ। ਇਨ੍ਹਾਂ ਚਾਰ ਸਿੱਖਾਂ ‘ਚ ਬੀਬਾ ਹਰਮੀਤ ਕੋਰ ਢਿੱਲੋਂ, ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ ਸੰਮੀ, ਕਮਲਜੀਤ ਸਿੰਘ ਰੇਖੀ ਦੇ ਨਾਂਅ ਸ਼ਾਮਲ ਹਨ।
ਅਮਰੀਕਾ ਦੇ ਇਤਿਹਾਸ ‘ਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਅਮਰੀਕਾ ਦੇ ਰਸ਼ਟਰਪਤੀ ਦੀ ਚੋਣ ਮੁਹਿੰਮ ਵਿਚ ਚਾਰ ਸਿੱਖਾਂ ਨੂੰ ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਸਿੱਖਸ ਫਾਰ ਟਰੰਪ ਰਾਸ਼ਟਰਪਤੀ ਟਰੰਪ ਦੀ ਸੰਨ 2016 ਦੀਆਂ ਚੋਣਾਂ ਵਿਚ ਹੋਂਦ ਵਿਚ ਆਈ ਸੀ, ਜਿਹੜੀ ਟਰੰਪ ਦੀ ਚੋਣਾਂ ‘ਚ ਮਦਦ ਲਈ ਉੱਘੇ ਸਿੱਖ ਕਾਰੋਬਾਰੀ ਸ: ਜਸਦੀਪ ਸਿੰਘ ਜੱਸੀ ਵੱਲੋਂ ਸਥਾਪਿਤ ਕੀਤੀ ਗਈ ਸੀ। ਪਿਛਲੇ ਚਾਰ ਸਾਲਾਂ ਦੌਰਾਨ ਸਿੱਖਸ ਫਾਰ ਟਰੰਪ ਨੇ ਸਿੱਖਾਂ ਦੀ ਪਹਿਚਾਣ ਅਤੇ ਸਿੱਖਾਂ ਨੂੰ ਅਮਰੀਕਾ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਢੁੱਕਵੇਂ ਹੱਲ ਲਈ ਲਗਾਤਾਰ ਟਰੰਪ ਪ੍ਰਸ਼ਾਸਨ ਦੇ ਸੰਪਰਕ ਵਿਚ ਰਹੀ।
ਸਿੱਖਸ ਫਾਰ ਟਰੰਪ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਧਿਆਨ ਵਿਚ ਰੱਖਦਿਆਂ ਹੁਣ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਦੀ ਵੈੱਬਸਾਈਟ ‘ਤੇ ਸਿੱਖਾਂ ਦੀਆ ਤਸਵੀਰਾਂ ਸਣੇ ਸੰਖੇਪ ਜਾਣਕਾਰੀ ਅੱਜ ਲੱਖਾਂ ਅਮਰੀਕਨਾਂ ਦੀ ਨਜ਼ਰ ਤੋਂ ਗੁਜ਼ਰ ਰਹੀ ਹੈ। ਉਧਰ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਨਾਲ ਵੀ ਸਿੱਖਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਦੋਹਾਂ ਪਾਰਟੀਆਂ ਵਿਚ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਵਿਚ ਸਿੱਖਾਂ ਨੂੰ ਮਿਲੀ ਨੁਮਾਇੰਦਗੀ ‘ਤੇ ਪ੍ਰਸੰਨਤਾ ਪ੍ਰਗਟ ਕਰਦਿਆਂ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਾਡੇ ਲਈ ਇਹ ਚੋਣਾਂ ਇਸ ਲਈ ਖ਼ਾਸ ਹੋ ਗਈਆਂ ਹਨ ਕਿ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਜਿੱਤਦੇ ਹਨ, ਤਾਂ ਸਿੱਖਸ ਫਾਰ ਬਾਇਡਨ ਦੇ ਰੂਪ ਵਿਚ ਦਸਤਾਰ ਵ੍ਹਾਈਟ ਹਾਊਸ ਜਾਵੇਗੀ। ਜੇਕਰ ਰਾਸ਼ਟਰਪਤੀ ਟਰੰਪ ਮੁੜ ਜਿੱਤ ਜਾਂਦੇ ਹਨ, ਤਾਂ ਸਿੱਖਸ ਫਾਰ ਟਰੰਪ ਦੇ ਰੂਪ ਵਿਚ ਦਸਤਾਰ ਵ੍ਹਾਈਟ ਹਾਊਸ ਵਿਚ ਸ਼ਾਮਲ ਹੋਵੇਗੀ।


Share