ਅਮਰੀਕੀ ਯੂਨੀਵਰਸਿਟੀ ਵੱਲੋਂ ਸਿੱਖ ਵਿਦਿਆਰਥੀਆਂ ਨੂੰ ‘ਸ੍ਰੀ ਸਾਹਿਬ’ ਪਹਿਨਣ ਦੀ ਮਿਲੀ ਇਜਾਜ਼ਤ

29
Share

ਨਿਊਯਾਰਕ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਖੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ, ਸ਼ਰਲਟ ਨੇ ਆਪਣੀ ‘ਵੈਪਨਜ਼ ਆਨ ਕੈਂਪਸ’ ਨੀਤੀ ਨੂੰ ਅਪਡੇਟ ਕੀਤਾ ਹੈ ਅਤੇ ਇਸ ਮਗਰੋਂ ਸਿੱਖ ਵਿਦਿਆਰਥੀਆਂ ਨੂੰ ਕੈਂਪਸ ਵਿਚ ‘ਸ੍ਰੀ ਸਾਹਿਬ’ ਪਹਿਨਣ ਦੀ ਇਜਾਜ਼ਤ ਦਿੱਤੀ ਹੈ। ਇਹ ਕਦਮ ਯੂਨੀਵਰਸਿਟੀ ਦੇ ਇੱਕ ਸਿੱਖ ਵਿਦਿਆਰਥੀ ਨੂੰ ਸ੍ਰੀ ਸਾਹਿਬ ਪਹਿਨਣ ਲਈ ਕੈਂਪਸ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਮਹੀਨੇ ਬਾਅਦ ਚੁੱਕਿਆ ਗਿਆ। ਇਸ ਨੀਤੀ ਅਨੁਸਾਰ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕੈਂਪਸ ਵਿਚ ਸ੍ਰੀ ਸਾਹਿਬ ਪਹਿਨਣ ਦੀ ਇਜਾਜ਼ਤ ਦੇਵੇਗੀ, ਜਦੋਂ ਤੱਕ ਇਸ ਦੀ ਲੰਬਾਈ 3 ਇੰਚ ਤੋਂ ਘੱਟ ਹੈ, ਹਰ ਵੇਲੇ ਇਸ ਨੂੰ ਮਿਆਨ ਵਿਚ ਰੱਖਿਆ ਜਾਂਦਾ ਹੈ ਅਤੇ ”ਇਸ ਨੂੰ ਹਰ ਸਮੇਂ ਕੱਪੜੇ ਅੰਦਰ ਸਰੀਰ ਨਾਲ ਲਗਾ ਕੇ ਰੱਖਿਆ ਜਾਵੇ।” ਚਾਂਸਲਰ ਸ਼ੈਰਨ ਐਲ. ਗੈਬਰ ਅਤੇ ਮੁੱਖ ਵਿਭਿੰਨਤਾ ਅਧਿਕਾਰੀ ਬਰੈਂਡਨ ਐੱਲ. ਵੁਲਫ ਦੇ ਦਸਤਖਤਾਂ ਹੇਠ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।
ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਵੱਡੀ ਕਿਰਪਾਨ ਪਹਿਨਣ ਦੀ ਬੇਨਤੀ ਸਮੇਤ ਹੋਰ ਧਾਰਮਿਕ ਚਿੰਨ੍ਹਾਂ ਨੂੰ ਸਿਵਲ ਰਾਈਟਸ ਅਤੇ ਟਾਈਟਲ 9 ਵਿਚ ਬਣਾਇਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਇਸ ਹਫ਼ਤੇ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ, ”ਵਿਭਿੰਨਤਾ ਅਤੇ ਸਮਾਵੇਸ਼ ਦਫ਼ਤਰ ਵੱਲੋਂ ਸੰਸਥਾਗਤ ਅਖੰਡਤਾ ਦੇ ਸਹਿਯੋਗ ਨਾਲ ਸਾਡੇ ਪੁਲਿਸ ਵਿਭਾਗ ਵਿਚ ਇਸ ਹਫ਼ਤੇ ਜਾਗਰੂਕਤਾ ਟਰੇਨਿੰਗ ਵੀ ਦਿੱਤੀ ਗਈ ਅਤੇ ਕੈਂਪਸ ਵਿਚ ਸਾਰਿਆਂ ਨੂੰ ਸੱਭਿਆਚਾਰਕ ਸਿੱਖਿਆ ਅਤੇ ਸਿਖਲਾਈ ਦਾ ਮੌਕਾ ਦੇਣ ਲਈ ਕੰਮ ਕੀਤਾ ਜਾਂਦਾ ਰਹੇਗਾ।” ਯੁਨੀਵਰਸਿਟੀ ਨੇ ਇਸ ਕਦਮ ਵਿਚ ਮਦਦ ਦੇਣ ਲਈ ਗ਼ੈਰ-ਲਾਭਕਾਰੀ ਸੰਗਠਨ ‘ਦਿ ਸਿੱਖ ਕੁਲੀਸ਼ਨ’ ਅਤੇ ‘ਗਲੋਬਲ ਸਿੱਖ’ ਕੌਂਸਲ’ ਸਣੇ ਸਿੱਖ ਆਗੂਆਂ ਦਾ ਧੰਨਵਾਦ ਕੀਤਾ ਹੈ।
ਚਾਂਸਲਰ ਸ਼ੈਰਨ ਐਲ ਗੈਬਰ ਅਤੇ ਚੀਫ ਡਾਇਵਰਸਿਟੀ ਅਫਸਰ ਬ੍ਰੈਂਡਨ ਐਲ ਵੋਲਫ ਦੁਆਰਾ ਹਸਤਾਖਰ ਕੀਤੇ ਬਿਆਨ ਵਿਚ ਕਿਹਾ ਗਿਆ ਕਿ ਅਸੀਂ ਇਸ ਘਟਨਾ ਨੂੰ ਆਪਣੇ ਭਾਈਚਾਰੇ ਲਈ ਸਿੱਖਣ ਅਤੇ ਵਿਕਾਸ ਦੇ ਇੱਕ ਮੌਕੇ ਵਜੋਂ ਵਰਤਣਾ ਜਾਰੀ ਰੱਖਾਂਗੇ। ਯੂਨੀਵਰਸਿਟੀ ਜਿਸ ਨੇ ਘਟਨਾ ਲਈ ਮੁਆਫੀ ਮੰਗੀ ਸੀ, ਨੇ ਕਿਹਾ ਕਿ ਇਹ ਫ਼ੈਸਲਾ ਤੁਰੰਤ ਪ੍ਰਭਾਵੀ ਹੋ ਗਿਆ ਸੀ। 22 ਸਤੰਬਰ ਦੀ ਘਟਨਾ ਤੋਂ ਇੱਕ ਹਫ਼ਤੇ ਬਾਅਦ, ਯੂਨੀਵਰਸਿਟੀ ਨੇ ਯੋਜਨਾਬੱਧ ਕਾਰਵਾਈਆਂ ਦੀ ਇੱਕ ਸੂਚੀ ਸਾਂਝੀ ਕੀਤੀ ਸੀ, ਜਿਸ ਵਿਚ ਘਟਨਾ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨਾ ਸ਼ਾਮਲ ਸੀ। ਇਸ ਵਿਚ ਸਕੂਲ ਦੀ ਨੀਤੀ ਨੂੰ ਬਦਲਣ ਅਤੇ ਵਾਧੂ ਸਿੱਖਿਆ ਅਤੇ ਸਿਖਲਾਈ ਦੇਣ ਦਾ ਜ਼ਿਕਰ ਕੀਤਾ ਗਿਆ ਸੀ। ਇਹ ਮਾਮਲਾ ਸਭ ਤੋਂ ਪਹਿਲਾਂ ਉਸ ਸਮੇਂ ਸਾਹਮਣੇ ਆਇਆ, ਜਦੋਂ ਵਿਦਿਆਰਥੀ ਨੇ ਟਵਿੱਟਰ ‘ਤੇ ਇੱਕ ਵੀਡੀਓ ਅਪਲੋਡ ਕੀਤਾ ਅਤੇ ਕਿਹਾ ਕਿ ਪੁਲਿਸ ਨੇ ਉਸ ਨੂੰ ਸ੍ਰੀ ਸਾਹਿਬ ਉਤਾਰਨ ਤੋਂ ਇਨਕਾਰ ਕਰਨ ‘ਤੇ ਹੱਥਕੜੀ ਲਗਾ ਦਿੱਤੀ। ਵੀਡੀਓ, ਜਿਸ ਨੂੰ 21,00,000 ਤੋਂ ਵੱਧ ਲੋਕਾਂ ਦੁਆਰਾ ਦੇਖਿਆ ਗਿਆ, ਸੋਸ਼ਲ ਮੀਡੀਆ ‘ਤੇ ਸਮਰਥਨ ਵਿਚ 56,000 ਲਾਈਕਸ ਅਤੇ ਕਈ ਟਿੱਪਣੀਆਂ ਆਈਆਂ।


Share