ਅਮਰੀਕੀ ਯੂਨੀਵਰਸਿਟੀ ਦੇ 1200 ਤੋਂ ਵਧੇਰੇ ਵਿਦਿਆਰਥੀ ਕੋਰੋਨਾ ਪਾਜ਼ੀਟਿਵ

499
Share

-166 ਸਟਾਫ ਮੈਂਬਰ ਵੀ ਨਿਕਲੇ ਕੋਰੋਨਾ ਪੀੜਤ
ਵਾਸ਼ਿੰਗਟਨ, 31 ਅਗਸਤ (ਪੰਜਾਬ ਮੇਲ) ਅਮਰੀਕਾ ਦੀ ਇਕ ਯੂਨੀਵਰਸਿਟੀ ਦੇ 1200 ਤੋਂ ਵਧੇਰੇ ਵਿਦਿਆਰਥੀ ਅਤੇ 166 ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਲਬਾਮਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕਲਾਸ ਦੇ ਵਿਦਿਆਰਥੀਆਂ ਨੂੰ ਹੋਰ ਵਿਦਿਆਰਥੀਆਂ ਦੇ ਸੰਕ੍ਰਮਿਤ ਹੋਣ ਦੇ ਬਾਰੇ ਵਿਚ ਜਾਣਕਾਰੀ ਨਾ ਦਿੱਤੀ ਜਾਵੇ।
ਪ੍ਰੋਫੈਸਰ ਨੂੰ ਭੇਜੇ ਗਏ ਈਮੇਲ ਵਿਚ ਕਿਹਾ ਗਿਆ ਸੀ ਕਿ ਜੇਕਰ ਕੋਈ ਵਿਦਿਆਰਥੀ ਕੋਰੋਨਾ ਸੰਕ੍ਰਮਿਤ ਹੈ ਪਰ ਮਾਸਕ ਪਾਉਂਦਾ ਹੈ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਦਾ ਹੈ, ਤਾਂ ਕੋਰੋਨਾ ਦਾ ਖਤਰਾ ਨਹੀਂ ਹੈ। ਪ੍ਰੋਫੈਸਰ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਹ ਦੱਸਦੇ ਹਨ ਕਿ ਕਲਾਸ ਦੇ ਕੁਝ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ, ਤਾਂ ਇਹ ਨਿਯਮ ਦੀ ਉਲੰਘਣਾ ਹੋਵੇਗੀ। ਉੱਥੇ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹਾਲੇ ਤੱਕ ਕਿਸੇ ਵੀ ਕੋਰੋਨਾ ਪਾਜ਼ੀਟਿਵ ਵਿਦਿਆਰਥੀ ਦੇ ਹਸਪਤਾਲ ‘ਚ ਭਰਤੀ ਹੋਣ ਦੀ ਨੌਬਤ ਨਹੀਂ ਆਈ ਹੈ।
ਯੂਨੀਵਰਸਿਟੀ ਨੇ ਕਿਹਾ ਹੈ ਕਿ ਇਕਾਂਤਵਾਸ ਦੇ ਲਈ ਲੋੜੀਂਦੀ ਜਗ੍ਹਾ ਹੈ। ਉੱਥੇ ਸਮੈਸਟਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦਾ ਕੋਰੋਨਾਵਾਇਰਸ ਟੈਸਟ ਵੀ ਕੀਤਾ ਗਿਆ ਸੀ। 29,000 ਵਿਦਿਆਰਥੀਆਂ ਦੇ ਟੈਸਟ ਵਿਚੋਂ 310 ਵਿਦਿਆਰਥੀ ਪਾਜ਼ੀਟਿਵ ਪਾਏ ਗਏ ਸਨ। ਪਾਜ਼ੀਟਿਵ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਂਪਸ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ਵਿਚ ਕਈ ਵਿਦਿਆਰਥੀ ਬਿਨਾਂ ਮਾਸਕ ਦੇ ਵੀ ਦੇਖੇ ਗਏ ਸਨ। ਸ਼ਹਿਰ ਦੇ ਬਾਰ ਵਿਚ ਵੀ ਲੰਬੀ ਲਾਈਨ ਦੇਖੀ ਗਈ ਸੀ। ਇਸ ਦੇ ਬਅਦ ਮੇਅਰ ਨੇ 14 ਦਿਨਾਂ ਦੇ ਲਈ ਸ਼ਹਿਰ ਦੇ ਬਾਰ ਬੈਨ ਕਰ ਦਿੱਤੇ। ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਜੂਝ ਰਹੇ ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਖੋਲ੍ਹਣ ਦੇ ਫੈਸਲੇ ‘ਤੇ ਸਵਾਲ ਉੱਠ ਸਕਦੇ ਹਨ।


Share