ਅਮਰੀਕੀ ਯੂਨੀਵਰਸਿਟੀਆਂ ’ਚ ਦਾਖਲਾ ਲੈਣਾ ਭਾਰਤੀ ਵਿਦਿਆਰਥੀਆਂ ਦੀ ਅੱਜ ਵੀ ਪਹਿਲੀ ਪੰਸਦ

107
Share

* ਕੋਵਿਡ ਮਹਾਂਮਾਰੀ ਦੌਰਾਨ ਯੂਨੀਵਰਸਿਟੀਆਂ ’ਚ ਕੌਮਾਂਤਰੀ ਵਿਦਿਆਰਥੀਆਂ ਦਾ ਦਾਖਲਾ ਘਟਿਆ
ਸੈਕਰਾਮੈਂਟੋ, 24 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਹ ਪਹਿਲੀ ਵਾਰ ਹੋਇਆ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਅਮਰੀਕਾ ਦੀਆਂ ਯੂਨੀਵਰਸਿਟੀਆਂ ’ਚ ਕੌਮਾਂਤਰੀ ਵਿਦਿਆਰਥੀਆਂ ਦਾ ਦਾਖਲ 46% ਦੇ ਕਰੀਬ ਘਟਿਆ ਹੈ। ਇਹ ਖੁਲਾਸਾ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੁਆਰਾ ਜਾਰੀ ‘ਓਪਨ ਡੋਰਜ਼ 2021’ ਰਿਪੋਰਟ ’ਚ ਕੀਤਾ ਗਿਆ ਹੈ। ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਅੱਜ ਵੀ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਅਮਰੀਕੀ ਯੂਨੀਵਰਸਿਟੀਆਂ ’ਚ ਪੜ੍ਹਾਈ ਕਰਨ ਦੀ ਹੈ।
ਰਿਪੋਰਟ ਅਨੁਸਾਰ ਯਾਤਰਾ ਪਾਬੰਦੀਆਂ ’ਤੇ ਲਾਗੂ ਹੋਰ ਰੋਕਾਂ ਦੇ ਬਾਵਜੂਦ 1,45,528 ਵਿਦਿਆਰਥੀ ਅਮਰੀਕਾ ’ਚ ਨਿੱਜੀ ਤੌਰ ’ਤੇ ਜਾਂ ਵਿਦੇਸ਼ਾਂ ਵਿਚੋਂ ਆਨ ਲਾਈਨ ਪੜ੍ਹਾਈ ਸ਼ੁਰੂ ਕਰਨ ’ਚ ਸਮਰਥ ਰਹੇ। 2020-2021 ਪੜ੍ਹਾਈ ਸਾਲ ਦੌਰਾਨ ਅਮਰੀਕਾ ਦੀਆਂ ਯੂਨੀਵਰਸਿਟੀਆਂ ’ਚ ਕੁੱਲ 9,14,000 ਵਿਦਿਆਰਥੀਆਂ ਨੇ ਦਾਖਲਾ ਲਿਆ, ਜੋ ਕਿ ਪਿਛਲੇ ਸਾਲ ਦੀ ਤੁਲਨਾ ’ਚ 15% ਘੱਟ ਹਨ। ਇਸ ਤੋਂ ਇਲਾਵਾ ਪੜ੍ਹਾਈ ਖਤਮ ਕਰਨ ਉਪਰੰਤ 2 ਲੱਖ ਤੋਂ ਵਧ ਕੌਮਾਂਤਰੀ ਵਿਦਿਆਰਥੀਆਂ ਨੇ ਆਪਸ਼ਨਲ ਪ੍ਰੈਕਟੀਕਲ ਟਰੇਨਿੰਗ ਲਈ ਜਾਂ ਕੰਮ ਵਾਸਤੇ ਤਜ਼ਰਬਾ ਹਾਸਲ ਕੀਤਾ। ਹਾਲਾਂਕਿ ਇਸ ਰਿਪੋਰਟ ’ਚ ਇਹ ਨਹੀਂ ਦੱਸਿਆ ਗਿਆ ਕਿ ਇਹ ਵਿਦਿਆਰਥੀ ਮੂਲ ਰੂਪ ’ਚ ਕਿਸ ਦੇਸ਼ ਦੇ ਹਨ ਪਰੰਤੂ ਸਟੈਟਿਸਟਾ ਵੱਲੋਂ ਜਾਰੀ ਇਕ ਵੱਖਰੀ ਰਿਪੋਰਟ ਅਨੁਸਾਰ 2020-2021 ਸਕੂਲ ਸਾਲ ਦੌਰਾਨ 1,67,000 ਤੋਂ ਵਧ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ’ਚ ਪੜ੍ਹਾਈ ਕੀਤੀ। ਇਸ ਰਿਪੋਰਟ ਅਨੁਸਾਰ ਭਾਰਤ ਤੇ ਚੀਨ ਤੋਂ ਸਭ ਤੋਂ ਵਧ ਵਿਦਿਆਰਥੀ ਅਮਰੀਕਾ ਪੜ੍ਹਨ ਲਈ ਆਉਂਦੇ ਹਨ ਤੇ ਅਮਰੀਕਾ ਅੱਜ ਵੀ ਇਨ੍ਹਾਂ ਵਿਦਿਆਰਥੀਆਂ ਲਈ ਪੜਾਈ ਵਾਸਤੇ ਪਹਿਲੀ ਪਸੰਦ ਬਣੀ ਹੋਈ ਹੈ। ਯੂ.ਐੱਸ. ਡਿਪਾਰਟਮੈਂਟ ਆਫ ਕਾਮਰਸ ਅਨੁਸਾਰ ਉੱਚ ਸਿੱਖਿਆ ’ਚ ਸਮੁੱਚੇ ਵਿਦਿਆਰਥੀਆਂ ਦਾ 5% ਕੌਮਾਂਤਰੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਤੇ 2020 ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੇ ਅਮਰੀਕੀ ਅਰਥ ਵਿਵਸਥਾ ’ਚ 39 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ। ਕੌਂਸਲ ਮਾਮਲਿਆਂ ਬਾਰੇ ਯੂ.ਐੱਸ. ਮਨਿਸਟਰ ਕੌਂਸਲਰ ਡਾਨ ਹੈਫਲਿਨ ਨੇ ਕਿਹਾ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵੱਲੋਂ ਵੀਜ਼ੇ ਦਿੱਤੇ ਗਏ ਤੇ ਉਹ ਅਮਰੀਕਾ ਆਏ। ਦਿੱਲੀ ਅੰਬੈਸੀ ਦੁਆਰਾ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਇਸ ਸਾਲ ਗਰਮੀਆਂ ਦੌਰਾਨ 62000 ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ, ਜੋ ਕਿ ਪਿਛਲੇ ਕਿਸੇ ਵੀ ਸਾਲ ਨਾਲੋਂ ਜ਼ਿਆਦਾ ਹਨ। ਹੈਫਲਿਨ ਅਨੁਸਾਰ ਇਸ ਤੋਂ ਪਤਾ ਲੱਗਦਾ ਹੈ ਕਿ ਪੜ੍ਹਾਈ ਵਾਸਤੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਅੱਜ ਵੀ ਮਨਭਾਉਂਦਾ ਦੇਸ਼ ਹੈ। ਉਨ੍ਹਾਂ ਹੋਰ ਕਿਹਾ ਕਿ ਆਉਣ ਵਾਲੇ ਸਮੇਂ ’ਚ ਅਸੀਂ ਭਾਰਤੀ ਵਿਦਿਆਰਥੀਆਂ ਲਈ ਜ਼ਿਆਦਾ ਵੀਜ਼ੇ ਜਾਰੀ ਕਰਾਂਗੇ, ਤਾਂ ਜੋ ਅਮਰੀਕਾ ’ਚ ਪੜ੍ਹਾਈ ਕਰਨ ਦਾ ਵਿਦਿਆਰਥੀਆਂ ਦਾ ਸੁਪਨਾ ਪੂਰਾ ਹੋ ਸਕੇ।

Share