ਅਮਰੀਕੀ ਮਹਿਲਾ ਟਰੈਕ ਐਥਲੀਟ ਨੇ ਟੋਕੀਓ ਉਲੰਪਿਕ ’ਚ ਜਿੱਤੇ 11 ਮੈਡਲ

309
Share

ਫਰਿਜ਼ਨੋ, 9 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਜਪਾਨ ਦੇ ਸ਼ਹਿਰ ਟੋਕੀਓ ’ਚ ਚੱਲ ਰਹੀਆਂ ਉਲੰਪਿਕ ਖੇਡਾਂ ’ਚ ਇੱਕ ਅਮਰੀਕੀ ਮਹਿਲਾ ਟਰੈਕ ਐਥਲੀਟ ਨੇ 11 ਮੈਡਲ ਜਿੱਤੇ ਹਨ। ਐਲਿਸਨ ਫੇਲਿਕਸ ਨਾਮ ਦੀ ਇਹ ਐਥਲੀਟ ਹੁਣ ਸਭ ਤੋਂ ਵੱਧ ਮੈਡਲ ਜਿੱਤਣ ਵਾਲੀ ਅਮਰੀਕੀ ਐਥਲੀਟ ਬਣ ਗਈ ਹੈ। ਉਸਨੇ ਸ਼ਨੀਵਾਰ ਨੂੰ ਆਪਣਾ 11ਵਾਂ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਅਮਰੀਕਾ ਵਿਚ ਕਾਰਲ ਲੇਵਿਸ ਨੇ ਯੂ.ਐੱਸ. ਟਰੈਕ ਐਥਲੀਟ ਦੇ ਰੂਪ ਵਿਚ ਜ਼ਿਆਦਾ ਤਮਗੇ ਜਿੱਤਣ ਦਾ ਇਹ ਖਿਤਾਬ ਹਾਸਲ ਕੀਤਾ ਸੀ। ਫੇਲਿਕਸ ਦੇ 11 ਮੈਡਲਾਂ ਵਿਚੋਂ ਸੱਤ ਗੋਲਡ, ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਹੈ। 35 ਸਾਲ ਦੀ ਉਮਰ ਵਿਚ, ਫੇਲਿਕਸ ਟਰੈਕ ਐਂਡ ਫੀਲਡ ਗੋਲਡ ਮੈਡਲ ਜਿੱਤਣ ਵਾਲੀ ਸਭ ਤੋਂ ਵੱਧ ਉਮਰ ਦੀ ਅਮਰੀਕੀ ਮਹਿਲਾ ਵੀ ਹੈ।
ਫੇਲਿਕਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ, ਦੂਜੇ ਦੇਸ਼ਾਂ ਦੀਆਂ ਟੀਮਾਂ, ਐਥਲੀਟਾਂ ਨਾਲੋਂ ਕਈ ਸਕਿੰਟ ਪਹਿਲਾਂ ਆਪਣੀ ਟੀਮ ਲਈ ਜਿੱਤ ਪ੍ਰਾਪਤ ਕੀਤੀ। ਟੋਕੀਓ ਖੇਡਾਂ ਨੇ ਫੇਲਿਕਸ ਨੂੰ ਇੱਕ ਮਾਂ ਵਜੋਂ ਵੀ ਦਰਸਾਇਆ ਹੈ। ਉਸਨੇ ਜੂਨ ਵਿਚ ਯੂ.ਐੱਸ. ਟਰੈਕ ਅਤੇ ਫੀਲਡ ਓਲੰਪਿਕ ਟਰਾਇਲਾਂ ਵਿਚ ਪ੍ਰਦਰਸ਼ਨ ਦੇ ਬਾਅਦ ਆਪਣੀ ਧੀ ਕੈਮਰੀ ਗ੍ਰੇਸ, ਅਤੇ ਸਾਥੀ ਓਲੰਪੀਅਨ ਕਵੇਨੇਰਾ ਹੇਅਸ ਅਤੇ ਉਸਦੇ ਬੇਟੇ ਡੇਮੇਟ੍ਰੀਅਸ ਦੇ ਨਾਲ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ। ਇਹ ਮਹਿਲਾ ਐਥਲੀਟ ਉਨ੍ਹਾਂ ਲੋਕਾਂ ਲਈ ਇੱਕ ਜਵਾਬ ਹੈ, ਜੋ ਔਰਤਾਂ ਨੂੰ ਕਮਜ਼ੋਰ ਸਮਝਦੇ ਹਨ ਅਤੇ ਉਨ੍ਹਾਂ ਮਹਿਲਾਵਾਂ ਲਈ ਇੱਕ ਪ੍ਰੇਰਨਾ ਹੈ, ਜੋ ਆਪਣੀ ਜ਼ਿੰਦਗੀ ’ਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ।

Share