ਅਮਰੀਕੀ ਫੌਜ ਦੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦਾ ਦੇਹਾਂਤ

96
Share

ਨਿਊਯਾਰਕ, 14 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ’ਚ ਰਹਿੰਦੇ ਅਮਰੀਕੀ ਫ਼ੌਜ ’ਚ ਰਹੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਇਕ ਲੰਮੀ ਬਿਮਾਰੀ ਨਾਲ ਜੂਝਣ ਤੋਂ ਬਾਅਦ 11 ਅਪ੍ਰੈਲ ਨੂੰ ਅਮਰੀਕਾ ’ਚ ਅਕਾਲ ਚਲਾਣਾ ਕਰ ਗਏ। 20 ਜਨਵਰੀ 1949 ’ਚ ਜ਼ਿਲ੍ਹਾ ਅੰਮਿ੍ਰਤਸਰ ਦੇ ਰਈਆ ਨੇੜਲੇ ਪਿੰਡ ਵਡਾਲਾ ਕਲਾਂ ’ਚ ਜਨਮੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦੇ ਦੇਹਾਂਤ ਬਾਰੇ ਜਾਣਕਾਰੀ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਡੈਟਰਾਇਟ ਸ਼ਹਿਰ ਦੇ ਵਸਨੀਕ ਉਨ੍ਹਾਂ ਦੇ ਰਿਸ਼ਤੇਦਾਰ ਸ. ਗੁਰਮੀਤ ਸਿੰਘ ਸੰਧੂ ਨੇ ਸਾਂਝੀ ਕੀਤੀ। ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਆਪਣੀ ਪੜ੍ਹਾਈ ਪੂਰੀ ਕਰ ਕੇ ਸੰਨ 1973 ’ਚ ਅਮਰੀਕਾ ਆ ਗਏ ਸਨ।
ਉਨ੍ਹਾਂ ਅਮਰੀਕਾ ’ਚ ਉਚੇਰੀ ਪੜ੍ਹਾਈ ਕਰ ਕੇ ਇੰਟਰਨਲ ਮੈਡੀਸਨ ਪਲਮੋਨਰੀ ਦਾ ਸਪੈਸ਼ਲਿਸਟ (ਫੇਫੜਿਆਂ ਦੇ ਮਾਹਿਰ) ਡਾਕਟਰ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਦੀ ਯੋਗਤਾ ਨੂੰ ਦੇਖਦਿਆਂ ਅਮੇਰਿਕਨ ਕਾਲਜ ਆਫ਼ ਫਿਜ਼ੀਸ਼ੀਅਨਲ, ਅਮੇਰਿਕਨ ਕਾਲਜ ਆਫ ਵੈਸਟ ਫਿਜ਼ੀਸ਼ੀਅਨਜ਼ ਅਤੇ ਅਮੇਰਿਕਨ ਕਾਲਜ ਆਫ ਐਂਜੀਓਲੌਜੀ ਦੀ ਅਮਰੀਕਾ ਨੇ ਫੈਲੋਸ਼ਿਪ ਵੀ ਦਿੱਤੀ ਸੀ। ਕਰਨਲ ਡਾ. ਸੇਖੋਂ ਨੇ ਫ਼ੌਜ ’ਚ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਇੱਥੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਿਆ। ਉਨ੍ਹਾਂ ਨੇ ਸਰਜਨ ਦੀ ਗ੍ਰੈਜੂਏਸ਼ਨ ਦੀ ਡਿਗਰੀ ਯੂ.ਐੱਸ.ਏ. ਆਰਮੀ ਸਕੂਲ ਐਵੀਏਸ਼ਨ ਮੈਡੀਕਲ ਤੋਂ ਪ੍ਰਾਪਤ ਕੀਤੀ। ਅਮਰੀਕੀ ਫ਼ੌਜ ’ਚ ਪਹਿਲੇ ਸਿੱਖ ਕਰਨਲ ਡਾ. ਸੇਖੋਂ ਨੇ ਅਮਰੀਕੀ ਫੌਜ ’ਚ ਰਹਿ ਕੇ ਵੀ ਖਾਲਸਾ ਸਜ ਕੇ ਆਪਣੀ ਸੇਵਾ ਨਿਭਾਈ ਸੀ।
ਦੱਸਣਯੋਗ ਹੈ ਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਜਦੋਂ ਸਿੱਖ ਕੋਲੀਸ਼ਨ ਨੇ ਦਸਤਾਰਧਾਰੀ ਸਿੱਖਾਂ ਲਈ ਅਮਰੀਕੀ ਫੌਜ ’ਚ ਲੱਗੀ ਪਾਬੰਦੀ ਨੂੰ ਖਤਮ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਸੀ, ਉਦੋਂ ਅਮਰੀਕਾ ਨੇ 1980 ਦੇ ਦਹਾਕੇ ’ਚ ਇਹ ਫੈਸਲਾ ਲਿਆ ਕਿ ਕੋਈ ਵੀ (ਕੇਸ ਜਾਂ ਦਾੜ੍ਹੀ) ਦੇ ਨਾਲ ਫੌਜ ’ਚ ਭਰਤੀ ਨਹੀਂ ਹੋ ਸਕਦਾ, ਤਾਂ ਡਾ. ਸੇਖੋਂ ਅਤੇ ਇਕ ਹੋਰ ਸਿੱਖ ਕਰਨਲ ਡਾ. ਜੀ.ਬੀ. ਸਿੰਘ ’ਤੇ ਇਹ ਨਵੇਂ ਨਿਯਮ ਲਾਗੂ ਨਹੀਂ ਹੋਏ। ਇਨ੍ਹਾਂ ਨਿਯਮਾਂ ਕਰਕੇ ਅਮਰੀਕੀ ਫੌਜ ’ਚ ਸਾਲ 2006-2007 ’ਚ ਡਾਕਟਰੀ ਦੀ ਪੜ੍ਹਾਈ ਦੌਰਾਨ ਸ਼ਾਮਲ ਕੀਤੇ ਜਾਣ ਤੋਂ ਬਾਅਦ ਅੰਮਿ੍ਰਤਸਰ ਦੇ ਜੰਮਪਲ ਡਾ. ਤੇਜਦੀਪ ਸਿੰਘ ਰਤਨ ਅਤੇ ਡਾ. ਕਮਲਦੀਪ ਸਿੰਘ ਕਲਸੀ ਨੂੰ 2009 ’ਚ ਪੜ੍ਹਾਈ ਖਤਮ ਕਰਨ ਤੋਂ ਬਾਅਦ ਵੀ ਕਿਹਾ ਗਿਆ ਕਿ ਇਨ੍ਹਾਂ ਨਿਯਮਾਂ ਕਾਰਨ ਤੁਹਾਨੂੰ ਆਪਣੇ ਕੇਸ ਕਟਾਉਣੇ ਪੈਣਗੇ, ਜੇਕਰ ਨਹੀਂ ਕਟਾਉਂਦੇ ਤਾਂ ਫੌਜ ਦੀ ਡਿਊਟੀ ਨਹੀਂ ਸ਼ੁਰੂ ਕਰ ਸਕਦੇ। ਉਸ ਸਬੰਧੀ ਡਾ. ਸੇਖੋਂ ਨੇ ਉਨ੍ਹਾਂ ਦਾ ਸਾਥ ਦੇਣ ਲਈ ਵਾਸ਼ਿੰਗਟਨ ਤੱਕ ਪਹੁੰਚ ਕੀਤੀ। ਅਮਰੀਕੀ ਸਰਕਾਰ ਨੇ ਫਿਰ ਕੁਝ ਮਹੀਨਿਆਂ ਬਾਅਦ ਇਨ੍ਹਾਂ ਦੋਵਾਂ ਨੌਜਵਾਨ ਡਾਕਟਰਾਂ ਲਈ ਇਸ ਪਾਬੰਦੀ ਨੂੰ ਖਤਮ ਕਰ ਦਿੱਤਾ। ਡਾ. ਸੇਖੋਂ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦੀ ਫ਼ੇਫ਼ੜਿਆਂ ਦੀ ਨਾੜ (ਪਲਮੋਨਰੀ ਨਰਵ) ਕੰਮ ਨਹੀਂ ਸੀ ਕਰਦੀ, ਜਿਸ ਕਰਕੇ ਉਹ ਸਿਰਫ ਆਕਸੀਜਨ ਦੀ ਸੁਪੋਰਟ ’ਤੇ ਹੀ ਜਿਊਂਦੇ ਸਨ ਅਤੇ ਗੱਲਬਾਤ ਵੀ ਨਹੀਂ ਸਨ ਕਰ ਸਕਦੇ ।

Share