ਅਮਰੀਕੀ ਫੌਜੀ ਹੈਲੀਕਾਪਟਰਾਂ ਨੇ ਕਾਬੁਲ ਦੇ ਹੋਟਲ ਵਿੱਚ ਫਸੇ ਅਮਰੀਕੀਆਂ ਨੂੰ ਬਾਹਰ ਕੱਢਿਆ

467
Share

ਫਰਿਜ਼ਨੋ, 22 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਵਿੱਚ ਫਸੇ ਅਮਰੀਕੀ ਨਾਗਰਿਕਾਂ ਨੂੰ ਉੱਥੋਂ ਬਾਹਰ ਕੱਢਣ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਦੇ ਹੀ ਹਿੱਸੇ ਵਜੋਂ ਅਮਰੀਕਾ ਦੇ ਫੌਜੀ ਹੈਲੀਕਾਪਟਰਾਂ ਵੱਲੋਂ ਕਾਬੁਲ ਦੇ ਇੱਕ ਹੋਟਲ ਵਿੱਚ ਫਸੇ ਅਮਰੀਕੀ ਨਾਗਰਿਕਾਂ ਨੂੰ ਹੋਟਲ ਵਿੱਚੋਂ ਬਾਹਰ ਕੱਢਿਆ ਗਿਆ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਜੌਹਨ ਕਿਰਬੀ ਨੇ ਸ਼ੁੱਕਰਵਾਰ  ਨੂੰ ਦੱਸਿਆ ਕਿ ਕਿਸੇ ਦੂਜੇ ਦੇਸ਼ ਵੱਲੋਂ ਅਮਰੀਕੀ ਕਮਾਂਡਰਾਂ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਹਵਾਈ ਅੱਡੇ ਦੇ ਨੇੜੇ ਬੈਰਨ ਹੋਟਲ ਵਿੱਚ ਇਕੱਠੇ ਹੋਏ ਤਕਰੀਬਨ 169 ਅਮਰੀਕੀਆਂ ਨੂੰ ਉੱਥੋ ਕੱਢਿਆ ਗਿਆ। ਕਿਰਬੀ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਤਿੰਨ ਸੀ ਐਚ -47 ਚਿਨੂਕ ਹੈਲੀਕਾਪਟਰਾਂ ਨੇ ਹਵਾਈ ਅੱਡੇ ਦੇ ਫੌਜੀ ਬੇਸ ਤੋਂ ਹਵਾਈ ਅੱਡੇ ਦੇ ਦੱਖਣ ਵਾਲੇ ਪਾਸੇ ਬੈਰਨ ਹੋਟਲ ਲਈ ਉਡਾਣ ਭਰੀ, ਤਾਂ ਜੋ ਅਮਰੀਕੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਮੈਦਾਨ ਵਿੱਚ ਲਿਆਂਦਾ ਜਾ ਸਕੇ।
ਕਿਰਬੀ ਅਨੁਸਾਰ ਇਹ ਬਹੁਤ ਤੇਜ਼ ਅਤੇ ਸੁਰੱਖਿਅਤ ਢੰਗ ਨਾਲ ਕੀਤਾ ਗਿਆ ਆਪਰੇਸ਼ਨ ਸੀ। ਕਿਰਬੀ ਦੇ ਅਨੁਸਾਰ ਹੈਲੀਕਾਪਟਰਾਂ ਨੂੰ ਲਾਂਚ ਕਰਨ ਦਾ ਫੈਸਲਾ ਕਮਾਂਡਰ ਨੇ ਮੌਕੇ ‘ਤੇ ਕੀਤਾ ਸੀ ਅਤੇ ਕਾਰਵਾਈ ਕਰਦਿਆਂ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਹੋਟਲ ਵਿੱਚੋਂ ਕੱਢ ਕੇ ਬੇਸ ‘ਤੇ ਲਿਆਂਦਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਅਫਗਾਨਿਸਤਾਨ ਵਿੱਚ ਫਸੇ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ।

Share