ਅਮਰੀਕੀ ਫੌਜਾਂ ਨੇ ਆਪਣੀ ਵਾਪਸੀ ਨਾਲ ਕੀਤਾ ਅਫਗਾਨਿਸਤਾਨ ਨਿਕਾਸੀ ਮਿਸ਼ਨ ਖਤਮ

271
Share

-ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਕੱਢਿਆ
-20 ਸਾਲ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋਈ
ਫਰਿਜ਼ਨੋ, 1 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਪ੍ਰਸ਼ਾਸਨ ਨੇ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਅਫਗਾਨੀ ਮਿਸ਼ਨ ਲਈ ਮਿੱਥੀ ਗਈ 31 ਅਗਸਤ ਦੀ ਤਰੀਕ ਤੋਂ ਪਹਿਲਾਂ ਵਾਪਸੀ ਲਈ ਰਵਾਨਗੀ ਕਰਕੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਇਸ ਨਾਲ 20 ਸਾਲ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋ ਗਈ ਹੈ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਅਫਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ ਦੀ ਫੋਟੋ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਰਿਪੋਰਟ ਮੁਤਾਬਕ 30 ਅਗਸਤ ਦੀ ਦੇਰ ਰਾਤ ਆਖਰੀ ਅਮਰੀਕੀ ਜਹਾਜ਼ ਨੇ ਉਡਾਣ ਭਰੀ। ਪੇਂਟਾਗਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ-ਮੇਜਰ ਜਨਰਲ ਕਿ੍ਰਸ ਡੋਨਹੁਯੂ ਹੈ, ਜੋ 30 ਅਗਸਤ ਦੀ ਰਾਤ ਸੀ-17 ਜਹਾਜ਼ ’ਚ ਸਵਾਰ ਹੋਇਆ।
ਇਸਦੇ ਇਲਾਵਾ ਯੂ.ਐੱਸ. ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਫਰੈਂਕ ਮੈਕੈਂਜ਼ੀ ਜਿਨ੍ਹਾਂ ਨੇ ਵਾਪਸੀ ਦੀ ਘੋਸ਼ਣਾ ਕੀਤੀ, ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮੁੱਖ ਅਮਰੀਕੀ ਡਿਪਲੋਮੈਟ, ਰੌਸ ਵਿਲਸਨ ਵੀ ਸੀ-17 ਦੀ ਆਖਰੀ ਉਡਾਣ ਵਿਚ ਸਨ। ਉਨ੍ਹਾਂ ਕਿਹਾ ਕਿ ਉਹ ਅਫਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਤੇ ਅਫਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਸਮਾਪਤੀ ਦਾ ਐਲਾਨ ਕਰਦੇ ਹਨ। ਇਸ ਤੋਂ ਇਲਾਵਾ ਅਮਰੀਕਾ ਨੇ ਅਫਗਾਨਿਸਤਾਨ ’ਚ ਆਪਣੀ ਰਾਜਨੀਤਿਕ ਮੌਜੂਦਗੀ ਵੀ ਖਤਮ ਕਰ ਦਿੱਤੀ ਹੈ। ਹਾਲਾਂਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਅਨੁਸਾਰ ਅਮਰੀਕਾ ਹਰ ਉਸ ਅਮਰੀਕੀ ਅਤੇ ਅਫਗਾਨੀ ਨਾਗਰਿਕ ਦੀ ਮਦਦ ਕਰਨ ਲਈ ਵਚਨਬੱਧ ਹੈ, ਜੋ ਅਫਗਾਨਿਸਤਾਨ ਛੱਡਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਸੈਨਿਕਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕੀ, ਅਫਗਾਨੀ ਨਾਗਰਿਕਾਂ ਦੇ ਨਾਲ ਹੋਰ ਅਧਿਕਾਰੀਆਂ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਸੁਰੱਖਿਅਤ ਕੱਢਿਆ ਹੈ। ਪਰ ਫਿਰ ਵੀ ਇਸ ਮਿਸ਼ਨ ਦੀ ਸਮਾਪਤੀ ਕਰਕੇ ਕਈ ਅਮਰੀਕੀ ਨਾਗਰਿਕ ਅਫਗਾਨਿਸਤਾਨ ’ਚ ਰਹਿ ਗਏ ਹਨ।

Share