ਅਮਰੀਕੀ ਪੱਤਰਕਾਰ ਡੈਨੀਅਲ ਪਰਲ ਹੱਤਿਆ ਮਾਮਲਾ: ਦਹਿਸ਼ਤਗਰਦ ਉਮਰ ਸ਼ੇਖ ਕਰਾਚੀ ਤੋਂ ਲਾਹੌਰ ਜੇਲ੍ਹ ਤਬਦੀਲ

154
Share

ਲਾਹੌਰ, 9 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆ ’ਚ ਜਨਮੇ ਅਲ-ਕਾਇਦਾ ਦੇ ਦਹਿਸ਼ਤਗਰਦ ਅਹਮਿਦ ਉਮਰ ਸਈਦ, ਜਿਸ ਨੂੰ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਨੂੰ ਅਗਵਾ ਅਤੇ ਉਸ ਦੀ ਹੱਤਿਆ ਦੇ ਮਾਮਲੇ ’ਚ ਸ਼ਜਾ ਹੋਈ ਸੀ, ਨੂੰ ਕਰਾਚੀ ਤੋਂ ਲਾਹੌਰ ਦਾ ਕੋਟ ਲੱਖਪਤ ਜੇਲ੍ਹ ’ਚ ਤਬਦੀਲ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਅਧਿਕਾਰੀਆਂ ਵੱਲੋਂ ਦਿੱਤੀ ਗਈ। ਸਿੰਧ ਹਾਈ ਕੋਰਟ ਨੇ ਪਿਛਲੇ ਸਾਲ ਸ਼ੇਖ ਨੂੰ ਪਰਲ ਹੱਤਿਆ ਮਾਮਲੇ ’ਚੋਂ ਬਰੀ ਕਰ ਦਿੱਤਾ ਸੀ। ਸ਼ੇਖ ਨੂੰ ਅਪੀਲ ’ਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਉਸ ਨੂੰ ਕਰਾਚੀ ਤੋਂ ਲਾਹੌਰ ਜੇਲ੍ਹ ’ਚ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਡੇਨੀਅਲ ਪਰਲ (38), ਜੋ ਕਿ ‘ਵਾਲ ਸਟਰੀਟ ਜਨਰਲ’ ਦਾ ਦੱਖਣੀ ਏਸ਼ੀਆ ਦਾ ਬਿਊਰੋ ਚੀਫ਼ ਸੀ, ਨੂੰ 2002 ਪਾਕਿਸਤਾਨ ’ਚ ਤਾਕਤਵਰ ਜਾਸੂਸੀ ਏਜੰਸੀ ਆਈ.ਐੱਸ.ਆਈ. ਅਤੇ ਅਲ-ਕਾਇਦਾ ਦੇ ਸਬੰਧੀ ਬਾਰੇ ਜਾਂਚ ਸਟੋਰੀ ਲਈ ਅੰਕੜੇ ਇਕੱਠੇ ਕਰਨ ਦੌਰਾਨ ਅਗਵਾ ਕਰ ਲਿਆ ਗਿਆ ਸੀ। ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੇਖ (48) ਨੂੰ ਵੀਰਵਾਰ ਸ਼ਾਮ ਸਖ਼ਤ ਸੁਰੱਖਿਆ ਹੇਠ ਕਰਾਚੀ ਤੋਂ ਹਵਾਈ ਜਹਾਜ਼ ਰਾਹੀਂ ਲਾਹੌਰ ਦੀ ਕੋਟ ਲੱਖਪਤ ਜੇਲ੍ਹ ’ਚ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ੇਖ ਨੂੰ ਜੇਲ੍ਹ ਦੇ ਰੈਸਟ ਹਾਊਸ ’ਚ ਰੱਖਿਆ ਗਿਆ ਹੈ। ਰਿਪੋਰਟਾਂ ਮੁਤਾਬਕ ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਉਕਤ ਰੈਸਟ ਹਾਊਸ ’ਚ ਹੀ ਰੱਖਿਆ ਹੋਇਆ ਹੈ। ਅਧਿਕਾਰੀਆਂ ਮੁਤਾਬਕ ਜੇਲ੍ਹ ਦੇ ਬਾਹਰ ਪੈਰਾਮਿਲਟਰੀ ਰੇਂਜਰ ਅਤੇ ਪੁਲਿਸ ਦੇ ਜਵਾਨ ਤਾਇਨਾਤ ਹਨ।

Share