ਅਮਰੀਕੀ ਪੱਤਰਕਾਰ ਡੈਨੀਅਲ ਪਰਲ ਹੱਤਿਆ ਮਾਮਲਾ: ਪਾਕਿ ਸੁਪਰੀਮ ਕੋਰਟ ਵੱਲੋਂ ਮੁੱਖ ਦੋਸ਼ੀ ਨੂੰ ਰਿਹਾਅ ਕਰਨ ਦਾ ਹੁਕਮ

505
ਬਚਾਅ ਪੱਖ ਦਾ ਵਕੀਲ ਮਹਿਮੂਦ ਅਹਿਮਦ ਸ਼ੇਖ਼ (ਸੱਜੇ) ਪਾਕਿਸਤਾਨੀ ਮੂਲ ਦੇ ਬਰਤਾਨਵੀ ਨਾਗਰਿਕ ਅਹਿਮਦ ਉਮਰ ਸਈਦ ਸ਼ੇਖ ਦੇ ਪਿਤਾ ਨਾਲ ਸੁਪਰੀਮ ਕੋਰਟ ਪੁੱਜਦਾ ਹੋਇਆ।
Share

ਇਸਲਾਮਾਬਾਦ, 29 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ’ਚ ਬਰਤਾਨਵੀ ਮੂਲ ਦੇ ਅਲਕਾਇਦਾ ਦੇ ਅਤਿਵਾਦੀ ਅਹਿਮਦ ਉਮਰ ਸ਼ੇਖ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਦਾਇਰ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ। ਅਦਾਲਤ ਨੇ ਇਸ ਮਾਮਲੇ ’ਚ ਸ਼ੇਖ ਨੂੰ ਰਿਹਾਅ ਕਰਨ ਦਾ ਹੁਕਮ ਵੀ ਦਿੱਤਾ ਹੈ।
ਸਾਲ 2002 ’ਚ ਕਰਾਚੀ ’ਚ ‘ਦਿ ਵਾਲ ਸਟਰੀਟ ਜਨਰਲ’ ਦੇ ਦੱਖਣੀ ਏਸ਼ੀਆ ਬਿਊਰੋ ਦੇ ਮੁਖੀ ਪਰਲ (38) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਅਲਕਾਇਦਾ ਵਿਚਾਲੇ ਸਬੰਧਾਂ ’ਤੇ ਇੱਕ ਖ਼ਬਰ ਲਈ ਜਾਣਕਾਰੀ ਇਕੱਠੀ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਸ਼ੇਖ ਤੇ ਉਸ ਦੇ ਤਿੰਨ ਸਹਿਯੋਗੀਆਂ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਸਿੰਧ ਹਾਈ ਕੋਰਟ ਦੇ ਉਸ ਫ਼ੈਸਲੇ ਖ਼ਿਲਾਫ਼ ਸਿੰਧ ਸੂਬੇ ਦੀ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਜਿਸ ’ਚ ਪਰਲ ਦੀ ਹੱਤਿਆ ਲਈ ਸ਼ੇਖ਼ ਦੀ ਸਜ਼ਾ ਖਤਮ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਉੱਧਰ ਪਾਕਿਸਤਾਨੀ ਸੁਪਰੀਮ ਕੋਰਟ ਦੇ ਫ਼ੈਸਲੇ ਆਲੋਚਨਾ ਕਰਦਿਆਂ ਭਾਰਤ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਦਾਲਤ ਨੂੰ ਅਜਿਹਾ ਜੁਰਮ ਕਰਨ ਵਾਲਾ ਵਿਅਕਤੀ ਅਪਰਾਧੀ ਨਹੀਂ ਲੱਗਿਆ।

Share