ਅਮਰੀਕੀ ਪ੍ਰਸ਼ਾਸਨ ਸਖਤੀ ਨਾਲ ਨਵੇਂ ਸਿਰਿਓਂ ਬਣਾਵੇ ਅਸਲਾ ਐਕਟ

6698
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਇੰਡੀਆਨਾਪੋਲਿਸ ’ਚ ਫੈਡਐਕਸ ਦੇ ਇਕ ਕੇਂਦਰ ’ਚ ਹੋਈ ਗੋਲੀਬਾਰੀ ਦੀ ਘਟਨਾ ’ਚ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 4 ਸਿੱਖ ਭਾਈਚਾਰੇ ਨਾਲ ਸੰਬੰਧਤ ਸਨ। ਮਿ੍ਰਤਕਾਂ ਵਿਚ 3 ਔਰਤਾਂ ਅਤੇ 1 ਮਰਦ ਸ਼ਾਮਲ ਸੀ, ਜਿਨ੍ਹਾਂ ਦੇ ਨਾਂ ਅਮਰਜੀਤ ਕੌਰ ਜੌਹਲ, ਜਸਵਿੰਦਰ ਕੌਰ, ਅਮਰਜੀਤ ਅਤੇ ਜਸਵਿੰਦਰ ਸਿੰਘ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਇਸ ਘਟਨਾ ਨੂੰ ਨਫਰਤੀ ਹਿੰਸਾ ਨਹੀਂ ਐਲਾਨਿਆ ਗਿਆ, ਪਰ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਇਸ ਵੱਲ ਵੀ ਜਾਂਦੀ ਹੈ। ਇਸ ਘਟਨਾ ਵਿਚ ਚਾਰ ਗੋਰੇ ਲੋਕ ਵੀ ਮਾਰੇ ਗਏ ਹਨ। ਇਸ ਵਾਰਦਾਤ ਨੂੰ ਲੈ ਕੇ ਅਮਰੀਕਾ ਭਰ ’ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਅਮਰੀਕਾ ਦੇ ਕਈ ਉੱਘੇ ਸੰਸਦ ਮੈਂਬਰਾਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਹਮਲੇ ਦੀ ਨਫਰਤੀ ਅਪਰਾਧ ਦੇ ਪੱਖ ਤੋਂ ਜਾਂਚ ਦੀ ਮੰਗ ਕੀਤੀ ਹੈ। ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਵਾਪਰੀ ਇਸ ਘਟਨਾ ਦੀ ਜਾਂਚ ਸੰਭਾਵੀ ਸਿੱਖ ਵਿਰੋਧੀ ਹਮਲੇ ਦੇ ਪੱਖ ਤੋਂ ਕੀਤੇ ਜਾਣ ਦੀ ਅਪੀਲ ਕੀਤੀ ਹੈ, ਤਾਂਕਿ ਹਮਲਾਵਰ ਦੇ ਇਰਾਦਿਆਂ ਬਾਰੇ ਸਪੱਸ਼ਟ ਪਤਾ ਲੱਗ ਸਕੇ। ਰਾਜਾ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਬੰਦੂਕਾਂ ਦੀ ਹਿੰਸਾ ਤੋਂ ਅਮਰੀਕਾ ਪਹਿਲਾਂ ਹੀ ਦੁਖੀ ਹੈ। ਅਮਰੀਕਾ ਦੇ ਵੱਖ-ਵੱਖ ਥਾਂਵਾਂ ’ਤੇ ਵਾਪਰਦੀਆਂ ਨਿੱਤ ਦੀਆਂ ਘਟਨਾਵਾਂ ਤੋਂ ਆਮ ਲੋਕ ਕਾਫੀ ਚਿੰਤਾਜਨਕ ਹਨ।
ਅਮਰੀਕਾ ਵਿਚ ਹੋਈਆਂ ਚੋਣਾਂ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋਣ ਲੱਗ ਪਈਆਂ ਹਨ। ਪਿਛਲੇ ਕੁੱਝ ਸਮੇਂ ਦੌਰਾਨ ਏਸ਼ੀਆਈ ਮੂਲ ਦੇ ਅਮਰੀਕੀਆਂ ’ਤੇ ਹਮਲੇ ਵਧੇ ਹਨ।
ਅਮਰੀਕਾ ’ਚ ਰਾਸ਼ਟਰਪਤੀ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਸਥਿਤੀ ਕਾਫੀ ਤਣਾਅਪੂਰਨ ਰਹੀ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 6 ਜਨਵਰੀ ਨੂੰ ਕੈਪੀਟਲ ਹਿੱਲ ’ਤੇ ਹਜ਼ੂਮ ਨੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ 5 ਲੋਕ ਮਾਰੇ ਗਏ ਸਨ। ਉਸ ਤੋਂ ਬਾਅਦ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੈਪੀਟਲ ਹਿੱਲ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। 2 ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਮਰੀਕਾ ਭਰ ਵਿਚ ਅਜਿਹੀਆਂ ਘਟਨਾਵਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਰੋਜ਼ਾਨਾ ਗੋਲੀਬਾਰੀ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਛੱਪ ਰਹੀਆਂ ਹਨ। ਅਜਿਹੀ ਸਥਿਤੀ ਅਮਰੀਕਾ ਵਿਚ ਭਾਵੇਂ ਪਹਿਲਾਂ ਤਾਂ ਨਹੀਂ ਸੀ, ਪਰ ਨਿੱਤ ਦੇ ਕਤਲੋਗਾਰਤ ਨੂੰ ਰੋਕਣਾ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ, ਜਿਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਗੰਨ ਕਲਚਰ ’ਤੇ ਸਖਤੀ ਕਰਨ ਦਾ ਫੈਸਲਾ ਕਰ ਲਿਆ ਹੈ। ਭਾਵੇਂ ਕਿ ਉਹ ਅਸਲਾ ਐਕਟ ਦੇ ਮੌਜੂਦਾ ਨਿਯਮ ਬਾਰੇ ਖੁੱਲ੍ਹ ਕੇ ਬੋਲਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਸਦਨ ਨੂੰ ਅਸਲਾ ਐਕਟ ਦੀ ਨੀਤੀ ਨੂੰ ਸਖ਼ਤ ਕਰਨ ਦੀ ਅਪੀਲ ਕੀਤੀ ਹੈ, ਤਾਂਕਿ ਇਨ੍ਹਾਂ ਘਟਨਾਵਾਂ ’ਤੇ ਠੱਲ੍ਹ ਪਾਈ ਜਾ ਸਕੇ।
ਅਮਰੀਕਾ ਵਿਚ ਸਿੱਖਾਂ ਨਾਲ ਹੋ ਰਹੇ ਨਸਲੀ ਹਿੰਸਾ ਅਤੇ ਹਮਲੇ ਕੋਈ ਨਵੀਂ ਗੱਲ ਨਹੀਂ ਹੈ। ਸਮੇਂ-ਸਮੇਂ ’ਤੇ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਨਫਰਤੀ ਹਿੰਸਕ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਅਜਿਹੇ ਹੁੰਦੇ ਨਸਲੀ ਹਮਲਿਆਂ ਦੇ ਖਿਲਾਫ ਕੁੱਝ ਦਿਨ ਦੇ ਰੌਲੇ-ਰੱਪੇ ਤੋਂ ਬਾਅਦ ਕੋਈ ਖਾਸ ਕਾਰਵਾਈ ਨਾ ਹੋਣ ਦਾ ਵਿਸ਼ਾ ਬੇਹੱਦ ਚਿੰਤਾ ਵਾਲਾ ਹੈ। ਅਮਰੀਕਾ ’ਚ 9/11 ਦੇ ਅੱਤਵਾਦੀ ਹਮਲੇ ਬਾਅਦ ਸਿੱਖਾਂ ਦੀ ਪਹਿਚਾਣ ਬਾਰੇ ਪੈਦਾ ਹੋਏ ਭੁਲੇਖੇ ਤੋਂ ਬਾਅਦ ਸਿੱਖਾਂ ਨੂੰ ਵਿਸ਼ੇਸ਼ ਤੌਰ ’ਤੇ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾਣਾ ਆਰੰਭ ਹੋਇਆ ਹੈ। ਇਨ੍ਹਾਂ ਹਮਲਿਆਂ ਤੋਂ ਤੁਰੰਤ ਬਾਅਦ ਸ. ਬਲਬੀਰ ਸਿੰਘ ਸੋਢੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਹੋਰ ਅਨੇਕਾਂ ਥਾਂਵਾਂ ’ਤੇ ਕਤਲ ਕਰਨ ਸਮੇਤ ਹੋਰ ਅਨੇਕਾਂ ਰੂਪਾਂ ਵਿਚ ਸਾਡੇ ਲੋਕਾਂ ਨੂੰ ਨਸਲੀ ਵਿਤਕਰੇ ਅਤੇ ਭੇਦਭਾਵ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਪਿਛਲੇ ਸਮੇਂ ਵਿਚ ਗੁਰਦੁਆਰਾ ਵਿਸਕਾਨਸਨ ਵਿਖੇ ਇਕ ਜਨੂੰਨੀ ਗੋਰੇ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 6 ਵਿਅਕਤੀਆਂ ਨੂੰ ਕਤਲ ਕਰ ਦੇਣ ਦੀ ਦਿਲ ਪਹਿਲਾ ਦੇਣ ਵਾਲੀ ਘਟਨਾ ਵਾਪਰੀ। ਇਹ ਘਟਨਾ ਉਸ ਸਮੇਂ ਵਾਪਰੀ, ਜਦ ਸਾਡੇ ਭਾਈਚਾਰੇ ਦੇ ਵੱਡੀ ਗਿਣਤੀ ’ਚ ਲੋਕ ਗੁਰਦੁਆਰਾ ਸਾਹਿਬ ਦੇ ਅੰਦਰ ਹਫਤਾਵਾਰੀ ਸਮਾਗਮ ’ਚ ਸ਼ਾਮਲ ਹੋਣ ਆਏ ਸਨ। ਇਸੇ ਤਰ੍ਹਾਂ ਐਲਕ ਗਰੋਵ ਸੈਕਰਾਮੈਂਟੋ ਵਿਖੇ ਸ਼ਾਮ ਨੂੰ ਸੈਰ ਲਈ ਜਾਂਦਿਆਂ ਦੋ ਬਜ਼ੁਰਗਾਂ ਨੂੰ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫਰਿਜ਼ਨੋ ਵਿਖੇ ਗੁਰਦੁਆਰਾ ਵਿਖੇ ਮੱਥਾ ਟੇਕ ਕੇ ਬਾਹਰ ਆਉਦੇ ਇਕ ਬਜ਼ੁਰਗ ਸਿੱਖ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕ ਘਟਨਾਵਾਂ ਹਨ। ਜਦ ਇਹ ਘਟਨਾਵਾਂ ਵਾਪਰਦੀਆਂ ਹਨ, ਤਾਂ ਸਾਡੇ ਲੋਕਾਂ ਵੱਲੋਂ ਕਾਫੀ ਪ੍ਰਤੀਕਰਮ ਜ਼ਾਹਿਰ ਕੀਤਾ ਜਾਂਦਾ ਹੈ। ਗੁਰੂ ਘਰਾਂ ਅਤੇ ਹੋਰ ਸਾਂਝੇ ਥਾਵਾਂ ਉਪਰ ਮੀਟਿੰਗਾਂ ਆਦਿ ਕੀਤੀਆਂ ਜਾਂਦੀਆਂ ਹਨ। ਪਰ ਜਿਉ ਹੀ ਕੁੱਝ ਦਿਨ ਬੀਤਦੇ ਹਨ, ਤਾਂ ਇਨ੍ਹਾਂ ਮਸਲਿਆਂ ਨੂੰ ਭੁੱਲ-ਭੁਲਾ ਦਿੱਤਾ ਜਾਂਦਾ ਹੈ। ਕੁੱਝ ਇਕ ਮਾਮਲਿਆਂ ਵਿਚ ਹੀ ਦੋਸ਼ੀ ਨਾਮਜ਼ਦ ਹੋਏ ਹਨ ਜਾਂ ਫੜੇ ਗਏ ਹਨ। ਬਹੁਤੇ ਮਾਮਲਿਆਂ ਵਿਚ ਤਾਂ ਦੋਸ਼ੀ ਫੜੇ ਹੀ ਨਹੀਂ ਗਏ। ਜਾਂ ਇੰਝ ਵੀ ਹੋ ਰਿਹਾ ਹੈ ਕਿ ਜਦੋਂ ਇਹ ਘਟਨਾਵਾਂ ਵਾਪਰਦੀਆਂ ਹਨ, ਤਾਂ ਪੁਲਿਸ ਇਨ੍ਹਾਂ ਮਾਮਲਿਆਂ ਨੂੰ ਨਸਲੀ ਵਿਤਕਰੇ ਵਾਲੀਆਂ ਵਾਰਦਾਤਾਂ ਵਜੋਂ ਨਾਮਜ਼ਦ ਕਰਦੀ ਹੈ ਪਰ ਕੁੱਝ ਦਿਨ ਬੀਤਣ ਬਾਅਦ ਅਜਿਹੇ ਨਸਲੀ ਹਿੰਸਕ ਕਾਰਨਾਮੇ ਨੂੰ ਨਸਲੀ ਹਮਲੇ ਵਾਲੀ ਸੂਚੀ ਵਿਚੋਂ ਕੱਢ ਕੇ ਆਮ ਹਿੰਸਕ ਵਾਰਦਾਤਾਂ ਵਾਲੇ ਖਾਨੇ ਵਿਚ ਦਰਜ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪ੍ਰਸ਼ਾਸਨ ਨਸਲੀ ਹਮਲਿਆਂ ਨੂੰ ਆਮ ਵਾਰਦਾਤਾਂ ਵਜੋਂ ਦਿਖਾਉਣ ’ਚ ਕਾਮਯਾਬ ਹੋ ਜਾਂਦਾ ਹੈ। ਸਾਡੇ ਲੋਕਾਂ ਵੱਲੋਂ ਨਸਲੀ ਹਮਲਿਆ ਖਿਲਾਫ ਕਿਸੇ ਤਰ੍ਹਾਂ ਦੀ ਬੱਝਵੀਂ ਤੇ ਵਿਉਤਬੱਧ ਸਰਗਰਮੀ ਨਹੀਂ ਚਲਾਈ ਜਾਂਦੀ, ਜਿਸ ਰਾਹੀਂ ਅਜਿਹੇ ਹਮਲਿਆਂ ਦੇ ਖਿਲਾਫ ਦੋਸ਼ੀਆਂ ਦਾ ਪਰਦਾਫਾਸ਼ ਕਰਨ, ਗਿ੍ਰਫ਼ਤਾਰ ਕਰਵਾਉਣ ਅਤੇ ਬਾਅਦ ਵਿਚ ਸਜ਼ਾਵਾਂ ਦਿਵਾਉਣ ਤੱਕ ਪੈਰਵਾਈ ਕਰ ਸਕੀਏ।
ਨਸਲੀ ਹਮਲਿਆਂ ਖਿਲਾਫ ਸਾਡੇ ਭਾਈਚਾਰੇ ਨੂੰ ਬਹੁਮੰਤਵੀ ਸਰਗਰਮੀ ਕਰਨੀ ਚਾਹੀਦੀ ਹੈ। ਇਕ ਪਾਸੇ ਜਿੱਥੇ ਅਜਿਹੇ ਹਮਲਿਆਂ ਕਰਨ ਵਾਲਿਆਂ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਦੇ ਪਿਛੋਕੜ ਦੀ ਪੜਤਾਲ ਕਰਨ ’ਚ ਹਰ ਏਜੰਸੀ ਦੀ ਮਦਦ ਕਰਨੀ ਚਾਹੀਦੀ ਹੈ, ਉਥੇ ਉਨ੍ਹਾਂ ਦੀ ਗਿ੍ਰਫ਼ਤਾਰੀ ਅਤੇ ਸਜ਼ਾਵਾਂ ਦਿਵਾਉਣ ਲਈ ਗੁਰੂਘਰਾਂ ਦੀਆਂ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਸਮੇਤ ਆਮ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਆਪਣੀ ਪਹਿਚਾਣ ਬਾਰੇ ਅਮਰੀਕੀ ਲੋਕਾਂ ਨਾਲ ਆਪਸੀ ਮੇਲਜੋਲ ਅਤੇ ਸਮਾਜਿਕ ਸਹਿਚਾਰ ਵਧਾਉਣ ਦੀ ਵੀ ਵੱਡੀ ਲੋੜ ਹੈ। ਸਾਡੇ ਭਾਈਚਾਰੇ ਦੇ ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ ਅਮਰੀਕੀ ਨੇਤਾਵਾਂ ਨਾਲ ਆਪਣੀ ਬੋਲਚਾਲ ਅਤੇ ਨੇੜਤਾ ਵਧਾਉਣ ਤੱਕ ਹੀ ਸੀਮਤ ਨਾ ਰਹਿਣ, ਸਗੋਂ ਸਾਨੂੰ ਆਮ ਅਮਰੀਕੀ ਨਾਗਰਿਕਾਂ ਨਾਲ ਸਹਿਚਾਰ ਅਤੇ ਨੇੜਤਾ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅਮਰੀਕੀ ਨੇਤਾ ਤਾਂ ਸਿੱਖਾਂ ਬਾਰੇ ਪਹਿਲਾਂ ਹੀ ਜਾਣੂ ਹਨ। ਲੋੜ ਤਾਂ ਆਮ ਅਮਰੀਕੀ ਲੋਕਾਂ ਨੂੰ ਪਹਿਚਾਣ ਕਰਵਾਉਣ ਦੀ ਹੈ। ਸਾਡੇ ਭਾਈਚਾਰੇ ਨੂੰ ਚਾਹੀਦਾ ਹੈ ਕਿ ਅਮਰੀਕੀ ਲੋਕਾਂ ਵੱਲੋਂ ਮਨਾਏ ਜਾਣ ਵਾਲੇ ਕੌਮੀ, ਰਾਜਸੀ, ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਵਿਚ ਗਰੁੱਪ ਬਣਾ ਕੇ ਸ਼ਾਮਲ ਹੋਈਏ, ਤਾਂ ਕਿ ਉਥੇ ਲੋਕ ਆਪਣੇ ਸਮਾਗਮ ਵਿਚ ਸਾਡੀ ਸ਼ਮੂਲੀਅਤ ਨੂੰ ਪ੍ਰਵਾਨ ਕਰ ਸਕਣ ਅਤੇ ਆਪਣੇ ਮਨਾਂ ਵਿਚ ਪੈਦਾ ਹੋਏ ਭਰਮ-ਭੁਲੇਖੇ ਦੂਰ ਕਰ ਸਕਣ। ਇਸੇ ਤਰ੍ਹਾਂ ਆਮ ਲੋਕਾਂ ਨਾਲ ਸਹਿਚਾਰ ਵਧਾਉਣ ਲਈ ਆਮ ਕਿਸਮ ਦੇ ਸਮਾਜਿਕ, ਧਾਰਮਿਕ ਸਮਾਗਮਾਂ ਵਿਚ ਵੀ ਸਾਨੂੰੂ ਸਹਿਚਾਰ ਵਧਾਉਣਾ ਚਾਹੀਦਾ ਹੈੈ। ਸਾਡਾ ਵਿਚਾਰ ਹੈ ਕਿ ਨਸਲੀ ਹਮਲਿਆਂ ਖਿਲਾਫ ਸਿਰਫ ਘਟਨਾਵਾਂ ਮੌਕੇ ਪ੍ਰਤੀਕਰਮ ਦੇਣ ਤੱਕ ਹੀ ਸੀਮਤ ਨਾ ਰਿਹਾ ਜਾਵੇ, ਸਗੋਂ ਅਜਿਹੀਆਂ ਘਟਨਾਵਾਂ ਵਿਰੁੱਧ ਬੱਝਵੀਂ ਕਾਰਵਾਈ ਕਰਦਿਆਂ ਦੋਸ਼ੀਆਂ ਖਿਲਾਫ ਮਿਸਾਲੀ ਕਾਰਵਾਈ ਕਰਵਾਉਣ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ।

Share