ਫਰਿਜ਼ਨੋ, 13 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਦੁਆਰਾ ਲੂਸੀਆਨਾ ਦੇ ਇੱਕ ਵਿਅਕਤੀ ਨੂੰ ਆਪਣੀ ਜਵਾਨ ਧੀ ਨਾਲ ਬਦਸਲੂਕੀ ਅਤੇ ਕਤਲ ਦੇ ਮਾਮਲੇ ‘ਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ, ਜੋ ਕਿ ਫੈਡਰਲ ਸਰਕਾਰ ਦੁਆਰਾ ਕੁੱਝ ਦਿਨਾਂ ਵਿਚਕਾਰ ਮੌਤ ਦੀ ਸਜ਼ਾ ਦਾ ਦੂਜਾ ਮਾਮਲਾ ਹੈ। 56 ਸਾਲਾ ਐਲਫਰੇਡ ਬੁਰਜੀਓਸ ਨੂੰ ਇੰਡੀਆਨਾ ਦੇ ਟੈਰੇ ਹਾਉਟ ਦੀ ਸੰਘੀ ਜੇਲ੍ਹ ‘ਚ ਜਾਨਲੇਵਾ ਜਹਿਰੀਲਾ ਟੀਕਾ ਲਗਾਉਣ ਤੋਂ ਬਾਅਦ ਤਕਰੀਬਨ 8: 21 ਵਜੇ ਮ੍ਰਿਤਕ ਐਲਾਨਿਆ ਗਿਆ। ਬੁਰਜੀਓਸ ਨੂੰ ਆਪਣੀ 2 ਸਾਲ ਦੀ ਬੇਟੀ ਨੂੰ 2002 ਵਿਚ ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਤਸੀਹੇ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਨਿਆਂ ਵਿਭਾਗ ਅਨੁਸਾਰ ਟੈਕਸਾਸ ਦੇ ਨੇਵਲ ਏਅਰ ਸਟੇਸ਼ਨ ਕਾਰਪਸ ਕ੍ਰਿਸਟੀ ਦੇ ਇੱਕ ਰਸਤੇ ਉੱਪਰ, ਬੁਰਜੀਓਸ ਨੇ ਲੜਕੀ ਦੀ ਕੁੱਟਮਾਰ ਕੀਤੀ, ਜਿਸ ਨਾਲ ਉਸਦੀ ਮੌਤ ਹੋਈ। ਇਸਦੀ ਮੌਤ ਇਸ ਸਾਲ ਦੀ 10ਵੀਂ ਸੰਘੀ ਫਾਂਸੀ ਸੀ, ਜਿਸਦੇ ਸੰਬੰਧ ਵਿਚ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਨੂੰ ਫਾਂਸੀ ਦੀ ਰੋਕ ਲਈ ਦਿੱਤੀ ਅਰਜ਼ੀ ਨੂੰ ਸ਼ੁੱਕਰਵਾਰ ਵਾਲੇ ਦਿਨ ਰੱਦ ਕਰ ਦਿੱਤਾ ਗਿਆ ਸੀ। ਜਦਕਿ ਇਸ ਤੋਂ ਪਿਛਲੀਆਂ ਫਾਂਸੀ ਦੀਆਂ ਕੋਸ਼ਿਸ਼ਾਂ ਉਸ ਦੇ ਵਕੀਲਾਂ ਦੁਆਰਾ ਬੁਰਜੀਓਸ ਦੀ ਬੌਧਿਕ ਅਯੋਗਤਾ ਦੀਆਂ ਦਲੀਲਾਂ ਦੇਣ ਤੋਂ ਬਾਅਦ ਰੋਕੀਆਂ ਗਈਆਂ ਸਨ।