ਅਮਰੀਕੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਅੰਤਰਰਾਸ਼ਟਰੀ ਹਸਤੀਆਂ ਕਿਸਾਨਾਂ ਦੇ ਹੱਕ ‘ਚ ਨਿੱਤਰੀਆਂ

212
Share

ਨਵੀਂ ਦਿੱਲੀ/ਚੰਡੀਗੜ੍ਹ : ਪ੍ਰਸਿੱਧ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਅੰਤਰਰਾਸ਼ਟਰੀ ਹਸਤੀਆਂ ਕਿਸਾਨਾਂ ਦੇ ਹੱਕ ਨਿੱਤਰ ਆਈਆਂ ਹਨ ਅਤੇ ਰਿਹਾਨਾ ਦੇ ਇਕ ਟਵੀਟ ਨੇ ਹੀ ਦੇਸ਼ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਬਾਲੀਵੁੱਡ ਹਸਤੀਆਂ ਜੋ ਪਹਿਲਾਂ ਕਿਸਾਨਾਂ ਬਾਰੇ ਕੁਝ ਨਹੀਂ ਬੋਲ ਰਹੀਆਂ ਸੀ, ਰਿਹਾਨਾ ਦੇ ਟਵੀਟ ਨੇ ਉਨ੍ਹਾਂ ਨੂੰ ਵੀ ਚੁੱਪੀ ਤੋੜਨ ’ਤੇ ਮਜ਼ਬੂਰ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬਾਲੀਵੁੱਡ ਹਸਤੀਆਂ ਨੇ ਸਰਕਾਰ ਦੀ ਰਟੀ-ਰਟਾਈ ਸਕ੍ਰਿਪਟ ਹੀ ਪੋਸਟ ਕਰ ਦਿੱਤੀ ਅਤੇ ਜਿਸ ਪ੍ਰੋਪੈਗੈਂਡਾ ਤੋਂ ਬਚਣ ਦੀ ਉਹ ਗੱਲ ਕਰ ਰਹੇ ਹਨ, ਉਨ੍ਹਾਂ ਦੇ ਟਵੀਟ ਤੋਂ ਸਾਫ ਦਿਖਾਈ ਦਿੱਤਾ ਕਿ ਉਹ ਖੁਦ ਸਰਕਾਰੀ ਪ੍ਰਾਪੈਗੈਂਡਾ ਚਲਾ ਰਹੇ ਹਨ।

ਉਧਰ ਕਿਸਾਨ ਆਗੂ ਵੀ ਰਿਹਾਨਾ ਦੇ ਫੈਨ ਹੋ ਗਏ ਹਨ। ਇੱਥੋਂ ਤੱਕ ਕਿ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਰਿਹਾਨਾ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ। ਬਲਵੀਰ ਰਾਜੇਵਾਲ ਨੇ ਰਿਹਾਨਾ ਦੀਆਂ ਸਿਫ਼ਤਾਂ ਕਰਦੇ ਹੋਏ ਲਿਖਿਆ ਕਿ ਉਹ ਕਿਸਾਨ ਜੋ ਸ਼ਾਇਦ ਬਾਲੀਵੁੱਡ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ, ਅੱਜ ਉਹ ਹਾਲੀਵੁੱਡ ਸਟਾਰ ਦੀਆਂ ਗੱਲਾਂ ਇੰਝ ਕਰ ਰਹੇ ਹਨ, ਜਿਵੇਂ ਉਹ ਉਨ੍ਹਾਂ ਦੀ ਬੇਹੱਦ ਕਰੀਬੀ ਹੋਵੇ। ਰਿਹਾਨਾ ਦਾ ਨਾਂ ਹਰ ਆਮ-ਖਾਸ ਦੀ ਜ਼ੁਬਾਨ ’ਤੇ ਹੈ। ਸੱਚ ਹੈ ਕਿ ਪੰਜਾਬੀ ਜਿਸ ਨੂੰ ਪਿਆਰ ਕਰਦੇ ਹਨ, ਉਸ ਨੂੰ ਸਿਰ ਅੱਖਾਂ ’ਤੇ ਚੁੱਕ ਲੈਂਦੇ ਹਨ। ਹਾਲਾਂਕਿ 600 ਮਿਲੀਅਨ ਡਾਲਰ ਦੀ ਮਾਲਕਣ ਰਿਹਾਨਾ ਲਈ ਇਹ ਸ਼ਾਇਦ ਕੋਈ ਨਵੀਂ ਗੱਲ ਨਾ ਹੋਵੇ ਪਰ ਉਸ ਨੇ ਕਿਸਾਨਾਂ ਦਾ ਦਰਦ ਸਮਝ ਕੇ ਉਨ੍ਹਾਂ ਨੂੰ ਆਪਣਾ ਮੁਰੀਦ ਬਣਾ ਲਿਆ।


Share