-ਪੁਲਿਸ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ
ਵਾਸ਼ਿੰਗਟਨ, 26 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਇਕ ਵਾਰ ਫਿਰ ਪੁਲਸ ਦਾ ਖੌਫਨਾਕ ਚਿਹਰਾ ਸਾਹਮਣੇ ਆਇਆ ਹੈ। ਗੈਰ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਮੌਤ ਦੇ ਚਾਰ ਮਹੀਨੇ ਬਾਅਦ ਤਾਜ਼ਾ ਮਾਮਲੇ ਵਿਚ ਵੀ ਪੀੜਤ ਇਕ ਗੈਰ ਗੋਰਾ ਨਾਗਰਿਕ ਹੈ ਅਤੇ ਦੋਸ਼ੀ ਪੁਲਿਸ ਕਰਮੀ ਹੀ ਬਣੇ ਹਨ। ਇਹ ਮਾਮਲਾ ਅਮਰੀਕਾ ਦੇ ਵਿਸਕਾਨਸਿਨ ਦੇ ਕੇਨੋਸ਼ਾ ਸ਼ਹਿਰ ਦਾ ਹੈ ਜਿੱਥੇ ਪੁਲਸ ਨੇ ਇਕ ਗੈਰ ਗੋਰੇ ਨਾਗਰਿਕ ਨੂੰ ਸੱਤ ਗੋਲੀਆਂ ਮਾਰੀਆਂ। ਜਿਸ ਦੇ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਇਸ ਵਿਅਕਤੀ ਦਾ ਨਾਮ ਜੈਕਬ ਕਲੈਕ ਹੈ। ਜੌਰਜ ਅਤੇ ਜੈਕਬ ਦੀ ਸ਼ੁਰੂਆਤੀ ਕਹਾਣੀ ਕਾਫੀ ਕੁਝ ਇਕੋਜਿਹੀ ਹੈ।
ਜੈਕਬ ਨੂੰ ਗੋਲੀ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਬਾਅਦ ਪੁਲਿਸ ਦਾ ਜ਼ਬਰਦਸਤ ਵਿਰੋਧ ਹੋਇਆ। ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਪੁਲਿਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ਨੂੰ ਕਾਤਲ ਕਰਾਰ ਦਿੱਤਾ। ਵਿਸਕਾਨਸਿਨ ਦੇ ਗਵਰਨਰ ਟੋਨੀ ਇਵਰ ਨੇ ਇਸ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਵਿਚ ਪੁਲਸ ਕਰਮੀ ਗੈਰੇ ਗੋਰੇ ਨਾਗਰਿਕ ‘ਤੇ ਗੋਲੀਆਂ ਚਲਾਉਂਦਾ ਦਿਸ ਰਿਹਾ ਹੈ। ਭਾਵੇਂਕਿ ਹਾਲੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਗੈਰੇ ਗੋਰੇ ਨਾਗਰਿਕ ‘ਤੇ ਕਿਸੇ ਇਕ ਪੁਲਿਸ ਕਰਮੀ ਨੇ ਹੀ ਗੋਲੀਆਂ ਚਲਾਈਆਂ ਹਨ ਜਾਂ ਹੋਰ ਪੁਲਿਸ ਕਰਮੀ ਵੀ ਇਸ ਘਟਨਾ ਵਿਚ ਸ਼ਾਮਲ ਹਨ।
ਇਸ ਵੀਡੀਓ ‘ਚ ਸੱਤ ਵਾਰ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਵੀਡੀਓ ਵਿਚ ਤਿੰਨ ਪੁਲਿਸ ਕਰਮੀ ਇਕ ਵਿਅਕਤੀ ‘ਤੇ ਪਿਸਤੌਲ ਤਾਣੇ ਦਿਖਾਈ ਦੇ ਰਹੇ ਹਨ। ਜਿਵੇਂ ਹੀ ਉਹ ਵਿਅਕਤੀ ਇਕ ਕਾਰ ਦਾ ਦਰਵਾਜਾ ਖੋਲ੍ਹਦਾ ਹੈ ਪਿਛਿਓਂ ਦੀ ਇਕ ਪੁਲਿਸ ਕਰਮੀ ਉਸ ਨੂੰ ਫੜ ਲੈਂਦਾ ਹੈ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ। ਇਹ ਘਟਨਾ ਐਤਵਾਰ ਕਰੀਬ ਸ਼ਾਮ ਪੰਜ ਵਜੇ ਦੀ ਹੈ। ਇਕ ਪੁਲਿਸ ਅਧਿਕਾਰੀ ਨੇ ਇਕ ਰਿਲੀਜ਼ ਜਾਰੀ ਕਰ ਕੇ ਇਸ ਨੂੰ ਇਕ ਘਰੇਲੂ ਝਗੜਾ ਦੱਸਿਆ ਹੈ। ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵਿਸਕਾਨਸਿਨ ਦਾ ਡਿਪਾਰਟਮੈਂਟ ਆਫ ਜਸਟਿਸ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਭਾਵੇਂਕਿ ਉਨ੍ਹਾਂ ਵੱਲੋਂ ਹੁਣ ਤੱਕ ਇਸ ਮਾਮਲੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੋਮਵਾਰ ਨੂੰ ਇਸ ਘਟਨਾ ਦੇ ਖਿਲਾਫ਼ ਹੋਏ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਇਸ ਪ੍ਰਦਰਸ਼ਨ ‘ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ।