ਅਮਰੀਕੀ ਨੇਵੀ ਦੇ ਇੰਜੀਨੀਅਰ ’ਤੇ ਗੁਪਤ ਜਾਣਕਾਰੀ ਸਾਂਝਾ ਕਰਨ ਦੀ ਕੋਸ਼ਿਸ਼ ਦੇ ਲੱਗੇ ਦੋਸ਼

305
Share

ਫਰਿਜ਼ਨੋ, 12 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਨੇਵੀ ਦੇ ਇੱਕ ਇੰਜੀਨੀਅਰ ਉੱਪਰ ਗੁਪਤ ਜਾਣਕਾਰੀਆਂ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਅਮਰੀਕੀ ਨੇਵੀ ਦੀਆਂ ਗੁਪਤ ਜਾਣਕਾਰੀਆਂ ਤੱਕ ਪਹੁੰਚ ਰੱਖਣ ਵਾਲੇ ਇੱਕ ਪ੍ਰਮਾਣੂ ਇੰਜੀਨੀਅਰ ’ਤੇ, ਪ੍ਰਮਾਣੂ ਪਣਡੁੱਬੀਆਂ ਦੇ ਡਿਜ਼ਾਈਨ ਨਾਲ ਸਬੰਧਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਗਿਆ ਹੈ। ਇਸ ਗੱਲ ਦਾ ਪਰਦਾਫਾਸ ਇੱਕ ਅੰਡਰਕਵਰ ਐੱਫ.ਬੀ.ਆਈ. ਜਾਸੂਸ ਨੂੰ ਇਸ ਇੰਜੀਨੀਅਰ ਦੁਆਰਾ ਜਾਣਕਾਰੀ ਦੇਣ ਤੋਂ ਬਾਅਦ ਹੋਇਆ। ਇਸ ਜਾਸੂਸ ਨੂੰ ਇਹ ਇੰਜੀਨੀਅਰ ਕਿਸੇ ਵਿਦੇਸ਼ੀ ਸਰਕਾਰ ਦਾ ਪ੍ਰਤੀਨਿਧੀ ਸਮਝ ਰਿਹਾ ਸੀ। ਜੋਨਾਥਨ ਤੋਬੇ ਨਾਮ ਦੇ ਇਸ ਇੰਜੀਨੀਅਰ ਵਿਰੁੱਧ ਜਾਸੂਸੀ ਨਾਲ ਸੰਬੰਧਿਤ ਦੋਸ਼ਾਂ ਦੀ ਜਾਣਕਾਰੀ ਦੇਣ ਵਾਲੀ ਇਕ ਅਪਰਾਧਿਕ ਸ਼ਿਕਾਇਤ ’ਚ ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਇਕ ਵਿਅਕਤੀ ਨੂੰ ਇਹ ਮੰਨਦੇ ਹੋਏ ਲਗਭਗ ਸੂਚਨਾ ਵੇਚ ਦਿੱਤੀ ਸੀ ਕਿ ਉਹ ਕਿਸੇ ਵਿਦੇਸ਼ੀ ਸਰਕਾਰ ਦਾ ਪ੍ਰਤੀਨਿਧੀ ਹੈ। ਅਦਾਲਤ ਦੇ ਦਸਤਾਵੇਜ਼ਾਂ ’ਚ ਉਸ ਦੇਸ਼ ਦਾ ਨਾਮ ਨਹੀਂ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਤੋਬੇ (42) ਨੂੰ ਉਸ ਦੀ 45 ਸਾਲਾ ਪਤਨੀ ਡਾਇਨਾ ਦੇ ਨਾਲ ਸ਼ਨੀਵਾਰ ਨੂੰ ਪੱਛਮੀ ਵਰਜੀਨੀਆ ਤੋਂ ਗਿ੍ਰਫਤਾਰ ਕੀਤਾ ਗਿਆ ਹੈ।

Share