‘ਅਮਰੀਕੀ ਨਿਆਂ ਵਿਭਾਗ ਕਾਨੂੰਨ ਵਿਵਸਥਾ ਲਈ ਹਰ ਸ਼ਹਿਰ ‘ਚ ਭੇਜੇਗਾ ਫੈਡਰਲ ਏਜੰਟ’

787
Share

ਵਾਸ਼ਿੰਗਟਨ, 26 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਗੋਲੀਬਾਰੀ ਅਤੇ ਹੋਰ ਅਪਰਾਧਾਂ ਨਾਲ ਜੂਝ ਰਹੇ ਸ਼ਹਿਰਾਂ ਵਿਚ ਨਿਆਂ ਵਿਭਾਗ ਸੈਂਕੜੇ ਫੈਡਰਲ ਏਜੰਟ ਭੇਜੇਗਾ। ਉਨ੍ਹਾਂ ਨੇ ਅਜਿਹੇ ਸ਼ਹਿਰਾਂ ਦੇ ਸਥਾਨਕ ਪ੍ਰਸ਼ਾਸਨਾਂ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਟਰੰਪ ਅਗਾਮੀ ਰਾਸ਼ਟਰਪਤੀ ਚੋਣ ਵਿਚ ਕਾਨੂੰਨ ਤੇ ਵਿਵਸਥਾ ਨੂੰ ਅਪਣੀ ਮੁਹਿੰਮ ਦੀ ਥੀਮ ਬਣਾਉਣ ਦੀ ਕੋਸ਼ਿਸ਼ ਵਿਚ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਡੈਮੋਕਰੇਟ ਪਾਰਟੀ ਦੇ ਸ਼ਾਸਨ ਵਾਲੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਥੇ ਫੇਰ ਚੋਣਾਂ ਦੀ ਮੰਗ ਕੀਤੀ ਹੈ। ਟਰੰਪ ਨੇ ਸਥਾਨਕ ਨੇਤਾਵਾਂ ਅਤੇ ਉਦਾਰਵਾਦੀ ਲੋਕਾਂ ਨੂੰ ਹਿੰਸਾ ਦਾ ਜ਼ਿੰਮੇਵਾਰ ਦੱਸਿਆ ਹੈ ਅਤੇ ਪੁਲਿਸ ਦੀ ਫੰਡਿੰਗ ਘੱਟ ਕਰਨ ਦੇ ਨਾਹਰੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ, ‘ਅਸੀਂ ਪੁਲਿਸ ਦੀ ਫੰਡਿੰਗ ਘੱਟ ਨਹੀਂ ਕਰਾਂਗੇ। ਅਸੀਂ ਹੋਰ ਪੁਲਿਸ ਨਿਯੁਕਤ ਕਰਾਂਗੇ। ਅਸੀਂ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨੀ ਚਾਹੁੰਦੀ ਹਾਂ, ਕਮਜ਼ੋਰ ਨਹੀਂ। ਇਹ ਸ਼ਹਿਰ ਜੋ ਕਰ ਰਹੇ ਹਨ, ਪੂਰੀ ਤਰ੍ਹਾਂ ਪਾਗਲਪਨ ਹੈ। ਅਟਾਰਨੀ ਜਨਰਲ ਵਿਲੀਅਮ ਬਾਰ ਨੇ ਕਿਹਾ ਕਿ ਨਿਆਂ ਵਿਭਾਗ ਸ਼ਿਕਾਗੋ ਵਿਚ ਸਥਾਨਕ ਪੁਲਿਸ ਦੇ ਨਾਲ ਕੰਮ ਕਰਨ ਵਾਲੇ ਕਰਾਈਮ ਟਾਸਕ ਫੋਰਸ ਨੂੰ ਮਜ਼ਬੂਤੀ ਦੇਣ ਦੇ ਲਈ ਕਰੀਬ 200 ਹੋਰ ਫੈਡਰਲ ਏਜੰਟ ਭੇਜੇਗਾ।
ਵਿਲੀਅਮ ਬਾਰ ਦੀ ਮੰਨੀਏ ਤਾਂ ਕਈ ਹੋਰ ਸ਼ਹਿਰਾਂ ਵਿਚ ਵੀ ਏਜੰਟ ਭੇਜਣ ਦੀ ਯੋਜਨਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਜਦਕਿ ਪੁਲਿਸ ਦੇ ਹੱਥੀਂ ਅਫ਼ਰੀਕੀ ਮੂਲ ਦੇ ਜਾਰਜ ਫਲਾਇਡ ਦੀ ਮੌਤ ਨਾਲ ਭੜਕੀ ਹਿੰਸਾ ਦੇ ਵਿਚ ਸ਼ਹਿਰੀ ਇਲਾਕਿਆਂ ਵਿਚ ਸੰਘੀ ਲਾਅ ਐਨਫੋਰਸਮੈਂਟ ਅਫ਼ਸਰਾਂ ਦੇ ਦਖ਼ਲ ਦਾ ਵਿਰੋਧ ਹੋ ਰਿਹਾ ਹੈ।


Share