ਅਮਰੀਕੀ ਨਾਗਰਿਕਾਂ ਨੂੰ ਵਾਪਿਸ ਲਿਆਉਣ ਤੱਕ ਅਫਗਾਨਿਸਤਾਨ ਵਿੱਚ ਰਹਿਣਗੀਆਂ ਫੌਜ਼ਾਂ- ਜੋਅ ਬਾਈਡੇਨ

423
Share

ਫਰਿਜ਼ਨੋ (ਕੈਲੀਫੋਰਨੀਆ), 19 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ ਪੰਜਾਬ ਮੇਲ)- ਅਫਗਾਨਿਸਤਾਨ ਵਿੱਚ ਸੁਰੱਖਿਆ ਦੇ ਵਿਗੜੇ ਹਾਲਤਾਂ ਤੋਂ ਬਾਅਦ ਉੱਥੇ ਫਸੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ  ਅਮਰੀਕੀ ਸੈਨਿਕ ਉੱਥੇ ਭੇਜੇ ਗਏ ਹਨ।
ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ  ਬੁੱਧਵਾਰ ਨੂੰ ਕਿਹਾ ਕਿ ਉਹ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ਵਿੱਚ ਉਦੋਂ ਤਕ ਰੱਖਣ ਲਈ ਵਚਨਬੱਧ ਹਨ ਜਦੋਂ ਤੱਕ ਹਰ ਅਮਰੀਕੀ ਨੂੰ ਉੱਥੋਂ ਬਾਹਰ ਨਹੀਂ ਕੱਢਿਆ ਜਾਂਦਾ। ਬਾਈਡੇਨ ਪ੍ਰਸ਼ਾਸਨ ਦੀ ਇਸ ਮੁਹਿੰਮ ਲਈ ਹੋ ਸਕਦਾ ਹੈ ਕਿ ਸੈਨਿਕ ਮੌਜੂਦਗੀ ਦੀ ਇਸਦੀ ਮਿਆਦ 31 ਅਗਸਤ ਨੂੰ ਪਾਰ ਕਰ ਜਾਵੇ ਜੋ ਕਿ ਪਹਿਲਾਂ ਅਫਗਾਨਿਸਤਾਨ ਵਿੱਚੋਂ ਸੈਨਿਕਾਂ ਦੀ ਵਾਪਸੀ ਲਈ ਮਿੱਥੀ ਗਈ ਸੀ। ਹਾਲਾਂਕਿ ਬਾਈਡੇਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਮਰੀਕਾ ਵੱਲੋਂ ਇਸ ਡੈਡ ਲਾਈਨ ਤੋਂ ਪਹਿਲਾਂ ਸਾਰੇ ਨਾਗਰਿਕਾਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਅਮਰੀਕੀ ਪ੍ਰਸ਼ਾਸਨ ਅਨੁਸਾਰ ਪਿਛਲੇ ਹਫਤੇ ਤਾਲਿਬਾਨ ਵੱਲੋਂ ਦੇਸ਼ ਦਾ ਪੂਰਾ ਕੰਟਰੋਲ ਲੈਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਕਰੀਬਨ 15,000 ਅਮਰੀਕੀ ਨਾਗਰਿਕ ਉੱਥੇ  ਰਹਿ ਗਏ ਹਨ। ਜਿਹਨਾਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸਦੇ ਇਲਾਵਾ ਪੈਂਟਾਗਨ ਦੇ ਮੁੱਖ ਬੁਲਾਰੇ ਜੌਹਨ ਕਿਰਬੀ ਅਨੁਸਾਰ 24 ਘੰਟਿਆਂ ਵਿੱਚ 325 ਅਮਰੀਕੀ ਨਾਗਰਿਕਾਂ ਸਮੇਤ ਲਗਭਗ 2,000 ਲੋਕ ਯੂ ਐਸ ਏਅਰ ਫੋਰਸ ਦੇ ਸੀ -17 ਟਰਾਂਸਪੋਰਟ ਜਹਾਜ਼ਾਂ ਦੁਆਰਾ 18 ਉਡਾਣਾਂ ਵਿੱਚ ਸਵਾਰ ਹੋਏ ਅਤੇ ਕਿਰਬੀ ਅਨੁਸਾਰ ਵੀਰਵਾਰ ਤੱਕ ਕਈ ਹੋਰਾਂ ਦੀ ਅਮਰੀਕੀ ਸੈਨਾਂ ਦੇ ਹਵਾਈ ਅੱਡੇ ‘ਤੇ ਪਹੁੰਚਣ ਦੀ ਉਮੀਦ ਹੈ।

Share