ਅਮਰੀਕੀ ਦਵਾਈ ਕੰਪਨੀ ਵੱਲੋਂ ਕੋਵਿਡ ਦੇ ਇਲਾਜ ਲਈ ਗੋਲੀ ਦੀ ਐਮਰਜੈਂਸੀ ਪ੍ਰਵਾਨਗੀ ਲਈ ਅਰਜ਼ੀ

314
Share

ਫਰਿਜ਼ਨੋ, 13 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਦਵਾਈ ਕੰਪਨੀ ‘ਮਰਕ’ ਵੱਲੋਂ ਕੋਵਿਡ ਦੇ ਇਲਾਜ ਲਈ ਕੰਪਨੀ ਤਰਫੋਂ ਬਣਾਈ ਗੋਲੀ ਦੀ ਐਮਰਜੈਂਸੀ ਵਰਤੋਂ ਕਰਨ ਲਈ ਪ੍ਰਵਾਨਗੀ ਮੰਗੀ ਗਈ ਹੈ। ਮਰਕ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੂੰ ਕੋਵਿਡ ਦੇ ਇਲਾਜ ਲਈ ਪਹਿਲੀ ਐਂਟੀਵਾਇਰਲ ਗੋਲੀ ਨੂੰ ਅਧਿਕਾਰਤ ਕਰਨ ਲਈ ਅਰਜ਼ੀ ਦਿੱਤੀ ਹੈ। ਸਿਹਤ ਮਾਹਰਾਂ ਅਨੁਸਾਰ ਇਸ ਗੋਲੀ ਦੀ ਪ੍ਰਵਾਨਗੀ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਇੱਕ ਮੀਲ ਪੱਥਰ ਸਾਬਤ ਹੋਵੇਗੀ, ਕਿਉਂਕਿ ਇਹ ਸੁਵਿਧਾਜਨਕ, ਸਸਤਾ ਇਲਾਜ ਕੋਵਿਡ ਨਾਲ ਬਿਮਾਰ ਬਹੁਤ ਜ਼ਿਆਦਾ ਉੱਚ ਜ਼ੋਖਿਮ ਵਾਲੇ ਲੋਕਾਂ ਤੱਕ ਪਹੁੰਚ ਸਕਦਾ ਹੈ। ਐੱਫ.ਡੀ.ਏ. ਦਾ ਇਸ ਗੋਲੀ ਸਬੰਧੀ ਫੈਸਲਾ ਆਉਂਦੇ ਹਫਤਿਆਂ ਅੰਦਰ ਆ ਸਕਦਾ ਹੈ। ਜੇ ਇਸ ਗੋਲੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਗੋਲੀ ਸਟੇਟਾਂ ਨੂੰ ਅਲਾਟ ਕੀਤੀ ਜਾ ਸਕਦੀ ਹੈ ਅਤੇ ਅਧਿਕਾਰੀਆਂ ਅਨੁਸਾਰ ਰਾਜ ਫਿਰ ਉਨ੍ਹਾਂ ਦੀ ਮਰਜ਼ੀ ਨਾਲ ਗੋਲੀਆਂ ਵੰਡ ਸਕਦੇ ਹਨ।
ਮਰਕ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ 10 ਮਿਲੀਅਨ ਲੋਕਾਂ ਲਈ ਲੋੜੀਂਦੀਆਂ ਗੋਲੀਆਂ ਦਾ ਉਤਪਾਦਨ ਹੋ ਸਕਦਾ ਹੈ। ਇਸ ਗੋਲੀ ਦੇ ਪ੍ਰੀਖਣ ਵਿਚ ਬਿਨਾਂ ਕੋਰੋਨਾ ਟੀਕਾਕਰਨ ਵਾਲੇ ਬਾਲਗਾਂ ਨੂੰ ਦਾਖਲ ਕੀਤਾ ਗਿਆ ਸੀ, ਜਿਨ੍ਹਾਂ ਨੇ ਪਿਛਲੇ ਪੰਜ ਦਿਨਾਂ ਦੇ ਅੰਦਰ ਕੋਵਿਡ ਦੇ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪਰ ਇਸ ਗੋਲੀ ਨੇ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤਾਂ ਨੂੰ ਅੱਧਾ ਕਰ ਦਿੱਤਾ ਸੀ।

Share