ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕਾ ‘ਚ ਕਾਉਂਟੀ ਜੱਜ ਮੈਥਿਊ ਸ਼ਟਕਰਲਿਫ ਨੇ ਓਰਗਨ ਸੂਬੇ ਦੇ ਗਵਰਨਰ ਕੇਟ ਬਰਾਊਨ ਦੇ ਉਸ ਹੁਕਮ ਨੂੰ ਨਾ-ਮੰਨਣਯੋਗ ਕਰਾਰ ਦਿੱਤਾ ਹੈ, ਜਿਸ ਤਹਿਤ ਉਨ੍ਹਾਂ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਧਾਰਮਿਕ ਸਮਾਰੋਹਾਂ ‘ਤੇ ਰੋਕ ਲਗਾ ਦਿੱਤੀ ਸੀ। ਓਰੋਗੋਨੀਅਨ ਅਖਬਾਰ ਨੇ ਮੈਥਿਊ ਦੇ ਹਵਾਲੇ ਤੋਂ ਲਿਖਿਆ, ‘ਜਦ ਅਸੀਂ ਵੱਡੇ ਧਾਰਮਿਕ ਸਮਾਰੋਹ ਦੌਰਾਨ ਸੋਸ਼ਲ ਡਿਸਟੈਂਸਿੰਗ ਅਤੇ ਸੁਰੱਖਿਆਤਮਕ ਮਾਪਦੰਡਾਂ ਦਾ ਪਾਲਣ ਕਰ ਸਕਦੇ ਹਾਂ, ਤਾਂ ਗਵਰਨਰ ਦੇ ਇਸ ਹੁਕਮ ਦੀ ਜ਼ਰੂਰਤ ਨਹੀਂ ਸੀ।’
ਜੱਜ ਸ਼ਟਕਰਲਿਫ ਇਸ ਸਬੰਧ ‘ਚ 10 ਚਰਚਾਂ ਵਲੋਂ ਦਾਇਰ ਕੀਤੀ ਗਈ ਅਪੀਲ ਦੀ ਸੁਣਵਾਈ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਵਾਦੀਆਂ ਦੇ ਅਧਿਕਾਰਾਂ ਦਾ ਉਲੰਘਣ ਹੋਵੇਗਾ। ਗਵਰਨਰ ਨੂੰ ਇਹ ਹੁਕਮ ਲਾਗੂ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ, ‘ਵਾਦੀਆਂ ਨੇ ਦੱਸਿਆ ਕਿ ਇਸ ਹੁਕਮ ਨਾਲ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾਵੇਗੀ। ਉਨ੍ਹਾਂ ਦੇ ਵਪਾਰ ਨੂੰ ਆਰਥਿਕ ਨੁਕਸਾਨ ਪੁੱਜੇਗਾ।’