ਅਮਰੀਕੀ ਚੋਣਾਂ ‘ਚ 5 ਬੀਬੀਆਂ ਸਮੇਤ ਦਰਜਨ ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਗੱਡੇ ਜਿੱਤੇ ਦੇ ਝੰਡੇ

355
Share

ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਾਲ-ਨਾਲ ਕਈ ਸੂਬਿਆਂ ਵਿਚ ਹੋਈਆਂ ਚੋਣਾਂ ਵਿਚ ਪੰਜ ਬੀਬੀਆਂ ਸਣੇ ਦਰਜਨ ਤੋਂ ਵੱਧ ਭਾਰਤੀਆਂ ਨੇ ਜਿੱਤ ਹਾਸਲ ਕੀਤੀ ਹੈ। ਭਾਰਤੀ-ਅਮਰੀਕੀ ਭਾਈਚਾਰੇ ਲਈ ਕਈ ਤਰੀਕਿਆਂ ਨਾਲ ਇਹ ਪਹਿਲੀ ਵਾਰ ਹੈ। ਇਨ੍ਹਾਂ ਤੋਂ ਇਲਾਵਾ ਚਾਰ ਭਾਰਤੀ ਮੂਲ ਦੇ ਉਮੀਦਵਾਰਾਂ ਡਾ. ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋਅ ਖੰਨਾ ਅਤੇ ਰਾਜਾ ਕ੍ਰਿਸ਼ਣਾਮੂਰਤੀ  ਨੂੰ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਲਈ ਦੁਬਾਰਾ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਮੂਲ ਦੇ ਘੱਟੋ-ਘੱਟ ਤਿੰਨ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦਾ ਫੈਸਲਾ ਨਹੀਂ ਹੋਇਆ ਅਤੇ ਉਨ੍ਹਾਂ ਵਿਚੋਂ ਇਕ ਪ੍ਰਤੀਨਿਧੀ ਸਦਨ ਲਈ ਚੋਣ ਮੈਦਾਨ ਵਿਚ ਹੈ।
ਸੂਬਾ ਵਿਧਾਇਕਾਂ ਵਜੋਂ ਭਾਰਤੀ ਮੂਲ ਦੀਆਂ ਪੰਜ ਬੀਬੀਆਂ ਚੁਣੀਆਂ ਗਈਆਂ ਹਨ, ਜਿਨ੍ਹਾਂ ਵਿਚ ਨਿਊਯਾਰਕ ਸੂਬਾ ਵਿਧਾਨ ਸਭਾ ਲਈ ਜੈਨੀਫਰ ਰਾਜਕੁਮਾਰ, ਕੈਂਟਕੀ ਸੂਬਾ ਵਿਧਾਨ ਸਭਾ ਲਈ ਨੀਮਾ ਕੁਲਕਰਨੀ, ਵਰਮਾਂਟ ਸਟੇਟ ਸੈਨੇਟ ਲਈ ਕੇਸ਼ਾ ਰਾਮ, ਵਾਸ਼ਿੰਗਟਨ ਸੂਬਾ ਵਿਧਾਨ ਸਭਾ ਲਈ ਵੰਦਨਾ ਸਲੇਟਰ ਅਤੇ ਮਿਸ਼ੀਗਨ ਸਟੇਟ ਪਦਮ ਕੂਪਾ ਅਤੇ ਨੀਰਜ ਅੰਤਾਨੀ ਨੂੰ ਓਹੀਓ ਸਟੇਟ ਸੈਨੇਟ ਲਈ ਚੁਣਿਆ ਗਿਆ। ਜਯਾ ਚੌਧਰੀ ਉੱਤਰੀ ਕੈਰੋਲੀਨਾ ਸਟੇਟ ਸੈਨੇਟ ਲਈ ਦੁਬਾਰਾ ਚੁਣੇ ਗਏ ਹਨ।
ਅਮੀਸ਼ ਸ਼ਾਹ ਨੇ ਅਰੀਜ਼ੋਨਾ ਰਾਜ ਵਿਧਾਨ ਸਭਾ ਦੀ ਚੋਣ ਜਿੱਤੀ ਹੈ। ਨਿਖਿਲ ਸਾਵਲ ਪੈਨਸਿਲਵੇਨੀਆ ਸਟੇਟ ਸੈਨੇਟ ਅਤੇ ਰਾਜੀਵ ਪੁਰੀ ਨੂੰ ਮਿਸ਼ੀਗਨ ਸਟੇਟ ਵਿਧਾਨ ਸਭਾ ਲਈ ਚੁਣਿਆ ਗਿਆ ਹੈ। ਚੋਣ ਨਤੀਜਿਆਂ ਅਨੁਸਾਰ ਜਰਮੀ ਕੂਨੀ ਨੇ ਨਿਊ ਯਾਰਕ ਸੂਬੇ ਦੀ ਸੈਨੇਟ ਵਿਚ ਆਪਣੀ ਸੀਟ ਬਣਾਈ ਹੈ। ਅਸ਼ ਕਾਲਰਾ ਨੂੰ ਲਗਾਤਾਰ ਤੀਜੀ ਵਾਰ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣਿਆ ਗਿਆ ਹੈ।
ਨਿਖਿਲ ਸਾਵਲ ਪਹਿਲੇ ਭਾਰਤੀ ਅਮਰੀਕੀ ਹਨ ਜੋ ਪੈਨਸਿਲਵੇਨੀਆ ਵਿਧਾਨ ਸਭਾ ਲਈ ਚੁਣੇ ਗਏ ਹਨ। ਜੈਨੀਫਰ ਨਿਊਯਾਰਕ ਦੀ ਵਿਧਾਇਕਾ ਚੁਣੀ ਜਾਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਬੀਬੀ ਹੈ ਜਦਕਿ ਨੀਰਜ ਅੰਤਾਨੀ ਓਹੀਓ ਸੂਬਾ ਸੈਨੇਟ ਪੁੱਜਣ ਵਾਲੀ ਪਹਿਲੀ ਭਾਰਤੀ-ਅਮਰੀਕੀ ਹੈ। ਰਿਪੋਰਟਾਂ ਮੁਤਾਬਕ ਤਕਰੀਬਨ 20 ਲੱਖ ਭਾਰਤੀਆਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਹਾਲਾਂਕਿ ਬਹੁਤ ਸਾਰੇ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ ਹੈ।


Share