ਅਮਰੀਕੀ ਚੋਣਾਂ ‘ਚ ਮਿਲੀ ਹਾਰ ਦੀ ਗਾਜ਼ ਮਾਰਕ ਐਸਪਰ ‘ਤੇ ਡਿੱਗੀ

484
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣਾਂ ਵਿਚ ਮਿਲੀ ਹਾਰ ਦੀ ਗਾਜ਼ ਰੱਖਿਆ ਮੰਤਰੀ ਮਾਰਕ ਐਸਪਰ ‘ਤੇ ਡਿੱਗੀ ਹੈ। ਟਰੰਪ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਟਰੰਪ ਨੇ ਟਵੀਟ ਵਿਚ ਕਿਹਾ ਕਿ ਕੌਮੀ ਅੱਤਵਾਦ ਵਿਰੋਧੀ ਕੇਂਦਰ ਦੇ ਨਿਰਦੇਸ਼ਕ ਕ੍ਰਿਸਟੋਫਰ ਮਿਲਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਰੱਖਿਆ ਮੰਤਰੀ ਬਣਾਇਆ ਜਾਂਦਾ ਹੈ।
ਟਰੰਪ ਨੇ ਕਿਹਾ, ”ਮੈਨੂੰ ਇਹ ਘੋਸ਼ਣਾ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ ਦੇ ਉੱਚ ਸਨਮਾਨਤ ਨਿਰਦੇਸ਼ਕ ਕ੍ਰਿਸਟੋਫਰ ਸੀ ਮਿਲਰ ਨੂੰ ਸੈਨੇਟ ਵਲੋਂ ਸਹਿਮਤੀ ਨਾਲ ਕਾਰਜਵਾਹਕ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜੋ ਤੁਰੰਤ ਪ੍ਰਭਾਵੀ ਹੋਵੇਗਾ।” ਉਨ੍ਹਾਂ ਕਿਹਾ ਕਿ ਕ੍ਰਿਸਟੋਫਰ ਸ਼ਾਨਦਾਰ ਕੰਮ ਕਰਨਗੇ ਅਤੇ ਐਸਪਰ ਨੂੰ ਹੁਣ ਹਟਾ ਦਿੱਤਾ ਗਿਆ ਹੈ। ਰੱਖਿਆ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਐਸਪਰ ਕੋਲ ਰੱਖਿਆ ਮੰਤਰੀ ਬਣੇ ਰਹਿਣ ਲਈ ਉਂਝ ਵੀ ਸਿਰਫ ਦੋ ਮਹੀਨੇ ਹੀ ਸਨ ਕਿਉਂਕਿ ਟਰੰਪ ਚੋਣਾਂ ਹਾਰ ਚੁੱਕੇ ਹਨ। ਐਸਪਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਨਾਲ ਟਰੰਪ ਸਰਕਾਰ ਹੋਰ ਕਮਜ਼ੋਰ ਹੋ ਗਈ ਹੈ।


Share