ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਵੱਲੋਂ ਟਰੰਪ ‘ਤੇ ਕੋਰੋਨਾ ਚਿਤਾਵਨੀ ਨੂੰ ਅਣਗੌਲਿਆਂ ਕਰਨ ਦਾ ਦੋਸ਼

822
Share

ਕਿਹਾ : ਕੋਰੋਨਾ ਬਾਰੇ 12 ਵਾਰ ਦਿੱਤੇ ਚਿਤਾਵਨੀ ਸੰਦੇਸ਼ਾਂ ਦੀ ਟਰੰਪ ਨੇ ਕੀਤੀ ਅਣਦੇਖੀ
ਵਾਸ਼ਿੰਗਟਨ, 3 ਮਈ (ਪੰਜਾਬ ਮੇਲ)-ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਨੇ ਇਹ ਕਹਿ ਕੇ ਸੰਸਾਰ ਦੇ ਲੋਕਾਂ ਵਿਚ ਸਨਸਨੀ ਫੈਲਾ ਦਿੱਤੀ ਹੈ ਕਿ ਉਸ ਨੇ ਸਮਾਂ ਰਹਿੰਦੇ ਤੋਂ ਕੋਰੋਨਾਵਾਇਰਸ ਦੇ ਖਤਰੇ ਬਾਰੇ 12 ਵਾਰ ਚਿਤਾਵਨੀ ਦੇ ਸੰਦੇਸ਼ ਭੇਜੇ ਸਨ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੀ ਅਣਦੇਖੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਦੇਸ਼ ਅਮਰੀਕਾ ਦਾ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਬੁਰਾ ਹਾਲ ਹੋਇਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਥਿਤੀ ਉਨ੍ਹਾਂ ਦੇ ਆਪਣੇ ਦੇਸ਼ ਦੀ ਸਭ ਤੋਂ ਵੱਡੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦੇ ਇਸ ਬਿਆਨ ਨਾਲ ਹੋਰ ਕਮਜ਼ੋਰ ਹੋਈ ਮੰਨੀ ਜਾਂਦੀ ਹੈ। ਰਾਸ਼ਟਰਪਤੀ ਚੋਣ ਤੋਂ ਕੁਝ ਮਹੀਨੇ ਰਹਿੰਦਿਆਂ ਤੋਂ ਟਰੰਪ ‘ਤੇ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਵਿਚ ਲਾਪਰਵਾਹੀ ਦਾ ਦੋਸ਼ ਜਦੋਂ ਵਿਰੋਧੀ ਧਿਰ ਦੇ ਕਈ ਆਗੂ ਵੀ ਲਾ ਰਹੇ ਹਨ, ਉਦੋਂ ਸਾਹਮਣੇ ਆਏ ਸੀ.ਆਈ.ਏ. ਦੇ ਇਸ ਬਿਆਨ ਦਾ ਮਾਰੂ ਅਸਰ ਹੋ ਸਕਦਾ ਹੈ।
ਇਸ ਸੰਬੰਧ ਵਿਚ ਸੀ.ਆਈ.ਏ. ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਨੇ ਵਾਸ਼ਿੰਗਟਨ ਪੋਸਟ ਅਖ਼ਬਾਰ ਨੂੰ ਕਿਹਾ ਕਿ ਡੋਨਾਲਡ ਟਰੰਪ ਨੂੰ ਬੀਤੇ ਜਨਵਰੀ ਤੇ ਫਰਵਰੀ ਵਿਚ ਲਗਾਤਾਰ ਚਿਤਾਵਨੀ ਸੰਦੇਸ਼ ਭੇਜੇ ਗਏ ਸਨ। ਰਾਸ਼ਟਰਪਤੀ ਨੂੰ ਰੋਜ਼ਾਨਾ ਭੇਜੇ ਜਾਣ ਵਾਲੇ ਸੰਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਚੀਨ ਉੱਤੇ ਹੋ ਰਹੇ ਮਾਰੂ ਅਸਰ ਅਤੇ ਉਸ ਨਾਲ ਜੁੜੇ ਖ਼ਤਰੇ ਬਾਰੇ ਦੱਸਿਆ ਗਿਆ ਸੀ, ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਵਰਨਣਯੋਗ ਹੈ ਕਿ ਦੁਨੀਆਂ ਦੇ ਸਿਆਸੀ ਘਟਨਾ ਚੱਕਰ ਅਤੇ ਸੁਰੱਖਿਆ ਨਾਲ ਜੁੜੇ ਮਾਮਲਿਆਂ ਬਾਰੇ ਸੀ.ਆਈ.ਏ. ਰੋਜ਼ ਰਾਸ਼ਟਰਪਤੀ ਨੂੰ ਰਿਪੋਰਟ ਦਿੰਦੀ ਹੈ। ਇਸ ਰਿਪੋਰਟ ਵਿਚ ਅਮਰੀਕਾ ਦੇ ਹਿੱਤਾਂ ਉੱਤੇ ਪੈਣ ਵਾਲੇ ਅਸਰ ਦਾ ਜ਼ਿਕਰ ਵੀ ਕੀਤਾ ਹੁੰਦਾ ਹੈ।
ਪਤਾ ਲੱਗਾ ਹੈ ਕਿ ਕਈ ਹਫ਼ਤੇ ਪਹਿਲਾਂ ਭੇਜੀ ਰਿਪੋਰਟ ਵਿਚ ਸੀ.ਆਈ.ਏ. ਨੇ ਸਪਸ਼ਟ ਦੱਸਿਆ ਸੀ ਕਿ ਕੋਰੋਨਾ ਤੇਜ਼ੀ ਨਾਲ ਸੰਸਾਰ ਵਿਚ ਫੈਲ ਰਿਹਾ ਹੈ ਤੇ ਚੀਨ ਇਸ ਬਾਰੇ ਸੂਚਨਾਵਾਂ ਰੋਕ ਰਿਹਾ ਹੈ, ਉਹ ਸਿਆਸੀ ਤੇ ਆਰਥਿਕ ਗੱਲਾਂ ਕਰਕੇ ਇਸ ਦੇ ਮਾਰੂ ਅਸਰ ਤੇ ਮੌਤਾਂ ਦੀ ਗਿਣਤੀ ਨਹੀਂ ਦੱਸਦਾ। ਰਾਸ਼ਟਰਪਤੀ ਟਰੰਪ ਨੇ ਇਨ੍ਹਾਂ ਸੂਚਨਾਵਾਂ ਨੂੰ ਲਗਾਤਾਰ ਅਣਗੌਲੇ ਕੀਤਾ। ਸੀ.ਆਈ.ਏ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿਚ ਅਜਿਹੇ ਹਾਲਾਤ ਹੋ ਗਏ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਗੁਪਤ ਜਾਣਕਾਰੀਆਂ ਨੂੰ ਮਜਬੂਰੀ ਵਿਚ ਜਨਤਕ ਕਰਨਾ ਪੈ ਰਿਹਾ ਹੈ।
ਅਮਰੀਕਾ ਵਿਚ ਕੋਰੋਨਾਵਾਇਰਸ ਦੀ ਪਹੁੰਚ ਦਾ ਪਤਾ ਲੱਗਣ ਪਿੱਛੋਂ ਟਰੰਪ ਸਰਕਾਰ ਨੇ ਪਹਿਲੇ ਵੱਡੇ ਕਦਮ ਵਜੋਂ ਜਨਵਰੀ ਦੇ ਅਖ਼ੀਰ ਵਿਚ ਚੀਨ ਤੋਂ ਆਉਣ-ਜਾਣ ਦੀ ਰੋਕ ਲਾਈ ਸੀ, ਪਰ ਫਰਵਰੀ ਵਿਚ ਕਈ ਵਾਰ ਟਰੰਪ ਨੇ ਜਨਤਕ ਤੌਰ ਉੱਤੇ ਕੋਰੋਨਾ ਦੇ ਖ਼ਤਰੇ ਨੂੰ ਮਾਮੂਲੀ ਦੱਸਣ ਵਾਲੇ ਬਿਆਨ ਵੀ ਦਿੱਤੇ ਸਨ। 26 ਫਰਵਰੀ ਨੂੰ ਡੋਨਾਲਡ ਟਰੰਪ ਨੇ ਕਿਹਾ ਕਿ ਇਨਫੈਕਸ਼ਨ ਦੇ ਕੁਝ ਕੇਸ ਪਤਾ ਲੱਗੇ ਹਨ, ਪਰ ਕੁਝ ਦਿਨਾਂ ਵਿਚ ਮਹਾਮਾਰੀ ਜਾਦੂ ਵਾਂਗ ਗਾਇਬ ਹੋ ਜਾਵੇਗੀ। ਇਸ ਤੋਂ ਬਾਅਦ 10 ਮਾਰਚ ਤੱਕ ਰਾਸ਼ਟਰਪਤੀ ਟਰੰਪ ਇਸ ਮਹਾਮਾਰੀ ਨੂੰ ਹਲਕੇ ਰੌਂਅ ਵਿਚ ਲੈਂਦੇ ਰਹੇ ਸਨ। ਅਮਰੀਕਾ ਦੀ ਸਰਕਾਰ ਨੇ ਮਹਾਮਾਰੀ ਫੈਲਣ ਦੇ ਡਰ ਬਾਰੇ ਤਿਆਰੀ ਨਹੀਂ ਸੀ ਕੀਤੀ ਤੇ ਅਪਰੈਲ ਵਿਚ ਜਦੋਂ ਇਸ ਦੀ ਮਾਰ ਵਿਚ ਤੇਜ਼ੀ ਆ ਗਈ, ਤਾਂ ਇਸ ਦੇਸ਼ ਵਿਚ ਹਫੜਾ-ਦਫੜਾ ਦੀ ਹਾਲਤ ਬਣ ਗਈ ਸੀ।


Share