ਅਮਰੀਕੀ ਕੰਪਨੀ ਮੋਡਰਨਾ ਵਲੋਂ ਪੰਜਾਬ ਨੂੰ ਸਿੱਧੇ ਤੌਰ ’ਤੇ ਟੀਕੇ ਭੇਜਣ ਤੋਂ ਇਨਕਾਰ

122
Share

ਚੰਡੀਗੜ੍ਹ, 24 ਮਈ (ਪੰਜਾਬ ਮੇਲ)- ਅਮਰੀਕੀ ਕੰਪਨੀ ਮੋਡਰਨਾ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਨੀਤੀ ਅਨੁਸਾਰ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ, ਨਾ ਕਿ ਕਿਸੇ ਸੂਬਾ ਸਰਕਾਰ ਜਾਂ ਨਿੱਜੀ ਧਿਰ ਨਾਲ। ਟੀਕਾਕਰਨ ਲਈ ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਵਿਕਾਸ ਗਰਗ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ’ਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਟੀਕਿਆਂ ਦੀ ਖ਼ਰੀਦ ਲਈ ਵਿਸ਼ਵਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸਬੰਧੀ ਨਿਰਦੇਸ਼ ’ਤੇ ਅਮਲ ਕਰਦਿਆਂ ਸਾਰੇ ਟੀਕਾ ਨਿਰਮਾਤਾਵਾਂ ਨੂੰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖ਼ਰੀਦ ਲਈ ਪਹੁੰਚ ਕੀਤੀ ਗਈ ਸੀ। ਇਹ ਪਹੁੰਚ ਸਪੂਤਨਿਕ-ਵੀ, ਫਾਈਜ਼ਰ, ਮੋਡਰਨਾ ਤੇ ਜਾਨਸਨ ਐਂਡ ਜਾਨਸਨ ਨਾਲ ਕੀਤੀ ਗਈ ਪਰ ਅਜੇ ਤੱਕ ਸਿਰਫ਼ ਮੋਡਰਨਾ ਵਲੋਂ ਹੀ ਜਵਾਬ ਆਇਆ ਹੈ। ਗਰਗ ਨੇ ਕਿਹਾ ਕਿ ਮੋਡਰਨਾ ਤੋਂ ਆਏ ਜਵਾਬ ’ਚ ਕੰਪਨੀ ਨੇ ਸੂਬਾ ਸਰਕਾਰ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਪਿਛਲੇ ਦਿਨਾਂ ’ਚ ਪਹਿਲੇ ਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਸੀ। ਭਾਰਤ ਸਰਕਾਰ ਵਲੋਂ ਹੁਣ ਤੱਕ ਟੀਕਿਆਂ ਦੀਆਂ 44 ਲੱਖ ਤੋਂ ਘੱਟ ਖ਼ੁਰਾਕਾਂ ਮਿਲੀਆਂ ਹਨ। ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਤੀਜੇ ਪੜਾਅ (18-44 ਉਮਰ ਵਰਗ) ਲਈ ਕੀਤੀ ਵੰਡ ਅਨੁਸਾਰ ਸੂਬਾ ਸਰਕਾਰ ਸਿਰਫ਼ 4.2 ਲੱਖ ਦੀ ਖ਼ੁਰਾਕ ਖ਼ਰੀਦ ਕਰਨ ਦੇ ਯੋਗ ਹੋਈ ਹੈ, ਜਿਸ ’ਚ ਪ੍ਰਾਪਤ ਕੀਤੀਆਂ 66,000 ਖ਼ੁਰਾਕਾਂ ਵੀ ਸ਼ਾਮਿਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੁੱਲ 3.65 ਲੱਖ ਟੀਕਿਆਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਿਰਫ਼ 64000 ਹੀ ਵਰਤੋਂ ਲਈ ਬਚੇ ਹਨ।

Share