ਅਮਰੀਕੀ ਕੰਪਨੀ ‘ਨੋਵਾਵੈਕਸ’ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨਾਲ ਮਿਲ ਕੇ ਤਿਆਰ ਕਰੇਗੀ ਕੋਰੋਨਾ ਵੈਕਸੀਨ

383
Share

ਵਾਸ਼ਿੰਗਟਨ, 17 ਸਤੰਬਰ (ਪੰਜਾਬ ਮੇਲ)-  ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿੱਥੇ ਵਿਸ਼ਵ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3 ਕਰੋੜ ਦੇ ਨੇੜੇ ਪਹੁੰਚ ਗਈ ਹੈ, ਉੱਥੇ ਭਾਰਤ ਵਿੱਚ ਇਹ ਗਿਣਤੀ 50 ਲੱਖ ਤੋਂ ਟੱਪ ਚੁੱਕੀ ਹੈ।  ਕੋਰੋਨਾ ਦੀ ਇਸ ਵਧਦੀ ਰਫ਼ਤਾਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਦੀਆਂ ਕੰਪਨੀਆਂ ਵੈਕਸੀਨ ਬਣਾਉਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੀਆਂ ਹਨ। ਇਸੇ ਲੜੀ ਵਿੱਚ ਅਮਰੀਕੀ ਕੰਪਨੀ ‘ਨੋਵਾਵੈਕਸ’ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨਾਲ ਮਿਲ ਕੇ ਕੋਰੋਨਾ ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਤਿਆਰ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਵੈਕਸੀਨ ਦੀ ਮੰਗ ਨੂੰ ਦੇਖਦੇ ਹੋਏ ਇਸ ਦਾ ਉਤਪਾਦਨ ਦੁੱਗਣਾ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਗਸਤ ਵਿੱਚ ਨੋਵਾਵੈਕਸ ਨੇ ਸੀਰਮ ਇੰਸਟੀਚਿਊਟ ਦੇ ਨਾਲ ਡੀਲ ਕੀਤੀ ਸੀ। ਇਸ ਸਮਝੌਤੇ ਦੇ ਮੁਤਾਬਕ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਅਤੇ ਭਾਰਤ ਲਈ ਘੱਟ ਤੋਂ ਘੱਟ 100 ਕਰੋੜ ਖੁਰਾਕ ਤਿਆਰ ਕਰਨ ਦੀ ਗੱਲ ਕਹੀ ਗਈ  ਸੀ। ਉੱਥੇ ਨੋਵਾਵੈਕਸ ਦੇ ਮੁਤਾਬਕ ਹੁਣ 2021 ਦੇ ਮੱਧ ਤੱਕ ਨਿਰਮਾਣ ਸਮਰੱਥਾ ਵਧਾ ਕੇ 200 ਕਰੋੜ ਖੁਰਾਕ ਤੋਂ ਵੱਧ ਦਾ ਉਤਪਾਦਨ ਕੀਤਾ ਜਾਵੇਗਾ।

ਕੰਪਨੀ ਹੁਣ ਵਿਸਥਾਰਤ ਸਮਝੌਤੇ ਤਹਿਤ ਵੈਕਸੀਨ ਦੀ ਐਂਟੀਜਨ ਕੰਪੋਨੈਂਟ ਵੀ ਤਿਆਰ ਕਰੇਗੀ, ਜਿਸ ਨੂੰ ਐਨਵੀਐਕਸ-ਸੀਓਵੀ2373 ਕਿਹਾ ਜਾਂਦਾ ਹੈ। ਨੋਵਾਵੈਕਸ ਦੀ ਵੈਕਸੀਨ ਫਿਲਹਾਲ ਮਿਡ-ਸਟੇਜ ਟ੍ਰਾਇਲ ਵਿੱਚ ਹੈ। ਪਿਛਲੇ ਮਹੀਨੇ ਨੋਵਾਵੈਕਸ ਨੇ ਕਿਹਾ ਸੀ ਕਿ ਉਹ ਬਰਤਾਨੀਆ ਵਿੱਚ 2021 ਦੀ ਪਹਿਲੀ ਤਿਮਾਹੀ ਦੀ ਸ਼ੁਰੂਆਤ ਵਿੱਚ 6 ਕਰੋੜ ਖੁਰਾਕ ਦੀ ਸਪਲਾਈ ਕਰੇਗਾ। ਕੰਪਨੀ ਜਨਵਰੀ ਤੱਕ ਅਮਰੀਕਾ ਨੂੰ 10 ਕਰੋੜ ਖੁਰਾਕ ਦੇਣ ਦੀ ਤਿਆਰੀ ਕਰ ਰਹੀ ਹੈ। ਟੀਕੇ ਲਈ ਅਮਰੀਕਾ ਨਾਲ ਕੰਪਨੀ ਦੀ 1.6 ਬਿਲੀਅਨ ਦੀ ਡੀਲ ਹੋਈ ਹੈ। ਇੱਕ ਰਿਪੋਰਟ ਮੁਤਾਬਕ ਐਸਟ੍ਰਾਜੈਨੇਕਾ ਨਾਲ ਕਰਾਰ ਤਹਿਤ ਸੀਰਮ ਇੰਸਟੀਚਿਊਟ 68 ਦੇਸ਼ਾਂ ਲਈ ਵੈਕਸੀਨ ਬਣਾ ਰਹੀ ਹੈ, ਜਦਕਿ ਨੋਵਾਵੈਕਸ ਨਾਲ ਉਹ 92 ਦੇਸ਼ਾਂ ਲਈ ਵੈਕਸੀਨ ਤਿਆਰ ਕਰ ਰਹੀ ਹੈ।


Share