ਅਮਰੀਕੀ ਕਾਂਗਰਸ ਦੇ ਨੁਮਾਇੰਦਿਆਂ ਨੂੰ ਕਿਸਾਨ ਸੰਘਰਸ਼ ਦੇ ਮੁੱਦੇ ’ਤੇ ਦਖਲ ਦੇਣ ਦੀ ਮੰਗ

443
Share

-ਭਾਰਤੀ-ਅਮਰੀਕੀਆਂ ਵੱਲੋਂ ਲਿਖੇ ਜਾ ਰਹੇ ਹਨ ਜਜ਼ਬਾਤੀ ਪੱਤਰ
ਸਾਨ ਫਰਾਂਸਿਸਕੋ, 3 ਫਰਵਰੀ (ਪੰਜਾਬ ਮੇਲ)- ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤ ਦੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੇ ਚੱਲਦਿਆਂ ਅਮਰੀਕਾ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਆਪੋ-ਆਪਣੇ ਹਲਕਿਆਂ ਦੇ ਅਮਰੀਕੀ ਕਾਂਗਰਸ ਦੇ ਨੁਮਾਇੰਦਿਆਂ ਨੂੰ ਪੱਤਰ ਲਿਖਣੇ ਸ਼ੁਰੂ ਕੀਤੇ ਹਨ, ਜਿਨ੍ਹਾਂ ’ਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਹਰਿਆਣਾ, ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਨਾਲ ਸਬੰਧਿਤ ਭਾਰਤੀ ਅਮਰੀਕੀਆਂ ਵਲੋਂ ਜਜ਼ਬਾਤੀ ਪੱਤਰ ਲਿਖੇ ਜਾ ਰਹੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਪੱਤਰਾਂ ’ਚ ਕਿਸਾਨ ਦਰਦੀਆਂ ਵਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਸਰਕਾਰ ਭਾਰਤ ਦੇ ਕਿਸਾਨੀ ਸੰਘਰਸ਼ ਮਾਮਲੇ ’ਚ ਦਖ਼ਲ ਦੇ ਕੇ ਇਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚ ਚੁੱਕੇ ਮਾਮਲੇ ਨੂੰ ਹੱਲ ਕਰਵਾਏ, ਤਾਂ ਜੋ ਦੋ ਮਹੀਨਿਆਂ ਤੋਂ ਕੜਾਕੇ ਦੀ ਠੰਡ ’ਚ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਧਰਨੇ ਮਾਰ ਕੇ ਬੈਠੇ ਕਿਸਾਨ ਆਪੋ-ਆਪਣੇ ਘਰਾਂ ਨੂੰ ਪਰਤ ਸਕਣ। ਪੱਤਰਾਂ ’ਚ ਲਿਖਿਆ ਜਾ ਰਿਹਾ ਹੈ ਕਿ ਕਿਸਾਨੀ ਮਨੁੱਖੀ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਇਕੋ-ਇਕ ਸਰੋਤ ਹੈ, ਜੇਕਰ ਕਿਸਾਨੀ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਮਨੁੱਖਤਾ ਖ਼ਤਰੇ ’ਚ ਪੈ ਸਕਦੀ ਹੈ। ਆਉਣ ਵਾਲੇ ਸਮੇਂ ’ਚ ਇਨ੍ਹਾਂ ਪੱਤਰਾਂ ਸਬੰਧੀ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਇਨ੍ਹਾਂ ਦਾ ਅਸਰ ਵੀ ਵੇਖਣ ਨੂੰ ਮਿਲ ਸਕਦਾ ਹੈ।

Share