ਅਮਰੀਕੀ ਕਾਂਗਰਸ ‘ਚ ਵਿਦੇਸ਼ੀ ਨੌਜਵਾਨਾਂ ਨੂੰ ਪਹਿਲ ਦੇਣ ਵਾਲਾ ਐੱਚ-1ਬੀ ਵੀਜ਼ਾ ਬਿੱਲ ਪੇਸ਼

824
Share

ਵਾਸ਼ਿੰਗਟਨ, 23 ਮਈ (ਪੰਜਾਬ ਮੇਲ)- ਅਮਰੀਕੀ ਸੰਸਦ ਮੈਂਬਰਾਂ ਦੇ ਦੋ ਦਲੀ ਸਮੂਹ ਨੇ ਇੱਥੇ ਕਾਂਗਰਸ ਦੇ ਦੋਹਾਂ ਸਦਨਾਂ ਵਿਚ ਪਹਿਲੀ ਵਾਰ ਅਜਿਹਾ ਬਿੱਲ ਪੇਸ਼ ਕੀਤਾ ਹੈ ਜੋ ਐੱਚ-1 ਬੀ ਕੰਮਕਾਜੀ ਵੀਜ਼ੇ ਵਿਚ ਮੁੱਖ ਸੁਧਾਰਾਂ ਨਾਲ ਜੁੜਿਆ ਹੈ। ਇਹ ਬਿੱਲ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਭਾਰਤੀ ਵਿਦਿਆਰਥੀਆਂ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ ਕਿਉਂਕਿ ਇਸ ਵਿਚ ਅਮਰੀਕਾ ਵਿਚ ਸਿੱਖਿਆ ਪ੍ਰਾਪਤ ਹੋਣਹਾਰ ਵਿਦੇਸ਼ੀ ਨੌਜਵਾਨਾਂ ਨੂੰ ਪਹਿਲ ਦੇਣ ਦੀ ਗੱਲ ਕੀਤੀ ਗਈ ਹੈ। ਐੱਚ-1 ਬੀ ਵੀਜ਼ਾ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ ਜੋ ਅਮਰੀਕਾ ਵਿਚਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਅਜਿਹੀ ਵਿਸ਼ੇਸ਼ਤਾ ਵਾਲੇ ਪੇਸ਼ਿਆਂ ਵਿਚ ਰੋਜ਼ਗਾਰ ਦੇਣ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਵਿਚ ਖਾਸ ਤਰ੍ਹਾਂ ਦੀ ਸਿਧਾਂਤਕ ਅਤੇ ਤਕਨੀਕੀ ਵਿਸ਼ੇਸ਼ਤਾ ਦੀ ਜ਼ਰੂਰਤ ਹੁੰਦੀ ਹੈ। ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਲਈ ਕੰਪਨੀਆਂ ਇਸ ਵੀਜ਼ਾ ਸੁਵਿਧਾ ‘ਤੇ ਨਿਰਭਰ ਕਰਦੀਆਂ ਹਨ।
ਇਕ ਅਪ੍ਰੈਲ ਨੂੰ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਮੁਤਾਬਕ ਉਦਯੋਗਿਕ ਖੇਤਰ ਦੇ ਵਿਦੇਸ਼ੀ ਪੇਸ਼ੇਵਰਾਂ ਲਈ ਜ਼ਰੂਰੀ ਐੱਚ-1 ਬੀ ਵੀਜ਼ਾ ਦੀ ਰਜਿਸਟ੍ਰੇਸ਼ਨ ਲਈ 2,75,000 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 67 ਫੀਸਦੀ ਤੋਂ ਵਧੇਰੇ ਭਾਰਤ ਤੋਂ ਸਨ। ਅਮਰੀਕਾ ਵਿਚ 2 ਲੱਖ ਤੋਂ ਵਧੇਰੇ ਭਾਰਤੀ ਵਿਦਿਆਰਥੀ ਹਨ।
ਪ੍ਰਤੀਨਿਧੀ ਸਭਾ ਤੇ ਸੈਨੇਟ ਵਿਚ ਪ੍ਰਸਤੁਤ ‘ਐੱਚ-1ਬੀ ਐਂਡ ਐੱਲ-1 ਵੀਜ਼ਾ ਰਿਫਾਰਮ ਐਕਟ’ ਤਹਿਤ ਇਮੀਗ੍ਰੇਸ਼ਨ ਸੇਵਾ ਵਿਭਾਗ ਨੂੰ ਪਹਿਲੀ ਵਾਰ ਐੱਚ-1ਬੀ ਦੀ ਅਲਾਟਮੈਂਟ ਪਹਿਲ ਦੇ ਆਧਾਰ ‘ਤੇ ਹੋਵੇਗੀ। ਨਵੀਂ ਪ੍ਰਣਾਲੀ ਤਹਿਤ ਐੱਚ-1ਬੀ ਵੀਜ਼ਾ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ ਜੋ ਪਹਿਲੇ ਦਰਜੇ ‘ਤੇ ਰਹੇ ਹਨ ਤੇ ਉਨ੍ਹਾਂ ਨੇ ਅਮਰੀਕਾ ਵਿਚ ਸਿੱਖਿਆ ਪ੍ਰਾਪਤ ਕੀਤੀ ਹੈ। ਸੈਨੇਟ ਵਿਚ ਇਸ ਬਿੱਲ ਨੂੰ ਸੈਨੇਟਰ ਚਕ ਗ੍ਰੇਸਲੀ ਅਤੇ ਡਿਕ ਡਰਬਿਨ ਨੇ ਪੇਸ਼ ਕੀਤਾ। ਪ੍ਰਤੀਨਿਧੀ ਸਭਾ ਵਿਚ ਇਸ ਬਿੱਲ ਨੂੰ ਪਾਸਰੇਲ, ਪਾਲ ਗੋਸਾਰ, ਰੋਅ ਖੰਨਾ, ਫਰੈਂਕ ਪਲੋਨ ਅਤੇ ਲਾਂਸ ਗੁਡੇਨ ਨੇ ਪੇਸ਼ ਕੀਤਾ। ਇਸ ਬਿੱਲ ਦਾ ਇਕ ਪਹਿਲੂ ਇਹ ਵੀ ਹੈ ਕਿ ਇਹ ਅਮਰੀਕੀ ਕਰਮਚਾਰੀਆਂ ਦਾ ਸਥਾਨ ਐੱਚ-1ਬੀ ਜਾਂ ਐੱਲ-1 ਵੀਜ਼ਾਧਾਰਕਾਂ ਵਲੋਂ ਲੈਣ ‘ਤੇ ਸਪੱਸ਼ਟ ਰੋਕ ਲਗਾਉਂਦਾ ਹੈ।


Share