ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਵੱਲੋਂ ਪ੍ਰਵਾਸ ਮੁੱਦੇ ’ਤੇ ਚਰਚਾ

100
Share

ਵਾਸ਼ਿੰਗਟਨ, 28 ਮਾਰਚ (ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਫੋਨ ਗੱਲਬਾਤ ਦੌਰਾਨ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕਿ੍ਰਸਟੀਆ ਫ੍ਰੀਲੈਂਡ ਨਾਲ ਮੱਧ ਅਮਰੀਕਾ ਤੋਂ ਪ੍ਰਵਾਸ ਵਰਗੇ ਆਪਸੀ ਹਿੱਤਾਂ ਦੇ ਮੁੱਦਿਆਂ ਨਾਲ ਨਜਿੱਠਣ ਲਈ ਸਹਿਯੋਗ ਬਾਰੇ ਵਿਚਾਰ-ਵਟਾਂਦਰੇ ਕੀਤੇ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।
ਇੱਥੇ ਦੱਸ ਦਈਏ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹੈਰਿਸ ਨੂੰ ਮੈਕਸੀਕੋ ਅਤੇ ਮੱਧ ਅਮਰੀਕਾ ਦੇ ਤਥਾਕਥਿਤ ‘‘ਨੌਰਦਰਨ ਟ੍ਰਾਇੰਗਲ’’ ਦੇ ਦੇਸ਼ਾਂ – ਹੋਂਡੁਰਾਸ, ਗੁਆਟੇਮਾਲਾ ਅਤੇ ਅਲ ਸਲਵਾਡੋਰ ਦੇ ਸੰਯੁਕਤ ਰਾਜ ’ਚ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਲਈ ਅਗਵਾਈ ਕਰਨ ਲਈ ਨਿਯੁਕਤ ਕੀਤਾ ਸੀ। ਜਾਣਕਾਰੀ ਮੁਤਾਬਕ, ‘‘ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕਿ੍ਰਸਟੀਆ ਫ੍ਰੀਲੈਂਡ ਨਾਲ ਗੱਲਬਾਤ ਕੀਤੀ ਅਤੇ ਕੈਨੇਡਾ ਤੇ ਅਮਰੀਕਾ ਦਰਮਿਆਨ ਮਜ਼ਬੂਤ ਗਠਜੋੜ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।¿;
ਉਪ ਰਾਸ਼ਟਰਪਤੀ ਹੈਰਿਸ ਅਤੇ ਉਪ ਪ੍ਰਧਾਨ ਮੰਤਰੀ ਫ੍ਰੀਲੈਂਡ ਨੇ ਉੱਤਰੀ ਤਿਕੋਣ ਵਿਚ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਹਿੱਸੇਦਾਰੀ ਬਾਰੇ ਵਿਚਾਰ-ਵਟਾਂਦਰੇ ਕੀਤੇ। ਵ੍ਹਾਈਟ ਹਾਊਸ ਨੇ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਕਿ ਮੱਧ ਅਮਰੀਕਾ ਤੋਂ ਪ੍ਰਵਾਸ ਦੇ ਮੁੱਢਲੇ ਕਾਰਨਾਂ ਦੇ ਹੱਲ ਲਈ ਇਕੱਠੇ ਕੰਮ ਕਰਨਾ ਸ਼ਾਮਲ ਹੈ। ਅਮਰੀਕੀ ਪ੍ਰਸ਼ਾਸਨ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਨੇ ਔਰਤਾਂ ਨੂੰ ਦੇਖਭਾਲ ਦੀ ਆਰਥਿਕਤਾ ’ਚ ਸਹਾਇਤਾ ਪ੍ਰਦਾਨ ਕਰਨ, ਛੋਟੇ ਕਾਰੋਬਾਰਾਂ ਦੀ ਸਹਾਇਤਾ ਕਰਨ, ਪੂੰਜੀ ਤੱਕ ਪਹੁੰਚ ਨੂੰ ਉਤਸ਼ਾਹਤ ਕਰਨ ਅਤੇ ਟਰੇਡ ਯੂਨੀਅਨਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਉੱਤੇ ਵੀ ਜ਼ੋਰ ਦਿੱਤਾ।
ਗੌਰਤਲਬ ਹੈ ਕਿ ਜਦੋਂ ਤੋਂ ਬਾਇਡਨ ਨੇ ਜਨਵਰੀ ’ਚ ਅਹੁਦਾ ਸੰਭਾਲਿਆ ਹੈ ਅਤੇ ਆਪਣੇ ਪੂਰਵਗਾਮੀ ਡੋਨਾਲਡ ਟਰੰਪ ਦੁਆਰਾ ਥੋਪੀਆਂ ਕੁਝ ਸਖ਼ਤੀ ਵਾਲੀ ਇਮੀਗ੍ਰੇਸ਼ਨ ਨੀਤੀਆਂ ਨੂੰ ਉਲਟਾ ਦਿੱਤਾ ਹੈ, ਉਦੋਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਯੂ.ਐੱਸ. ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਦੇ ਅਨੁਸਾਰ, ਲਗਭਗ 78,000 ਪ੍ਰਵਾਸੀਆਂ ਨੇ ਜਨਵਰੀ ’ਚ ਦੱਖਣੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਪਿਛਲੇ ਦਸੰਬਰ ਤੋਂ ਛੇ ਪ੍ਰਤੀਸ਼ਤ ਦਾ ਵਾਧਾ ਦਰਸਾਉਂਦੀ ਹੈ। ਫਰਵਰੀ ’ਚ, ਯੂ.ਐੱਸ. ਬਾਰਡਰ ਏਜੰਟਾਂ ਨੇ ਪਿਛਲੇ ਮਹੀਨੇ ਦੇ ਮੁਕਾਬਲੇ 28 ਪ੍ਰਤੀਸ਼ਤ ਵਾਧਾ ਦਰਜ ਕੀਤਾ।

Share