ਅਮਰੀਕੀ ਇਮੀਗ੍ਰੇਸ਼ਨ ਇਨਫੋਰਸਮੈਂਟ ਨੇ ਮਾਰਚ ’ਚ ਦੱਖਣੀ ਸਰਹੱਦ ’ਤੇ ਫੜੇ 2 ਲੱਖ ਤੋਂ ਵਧੇਰੇ ਪ੍ਰਵਾਸੀ

103
Share

-ਟੁੱਟਿਆ ਰਿਕਾਰਡ
ਵਾਸ਼ਿੰਗਟਨ, 19 ਅਪ੍ਰੈਲ (ਪੰਜਾਬ ਮੇਲ)- 22 ਸਾਲ ਦੇ ਮਹੀਨਾਵਾਰ ਰਿਕਾਰਡ ਨੂੰ ਤੋੜਦੇ ਹੋਏ ਅਮਰੀਕੀ ਇਮੀਗ੍ਰੇਸ਼ਨ ਇਨਫੋਰਸਮੈਂਟ ਨੇ ਮਾਰਚ ’ਚ ਦੱਖਣੀ ਸਰਹੱਦ ’ਤੇ 2,21,000 ਤੋਂ ਵੱਧ ਪ੍ਰਵਾਸੀਆਂ ਨੂੰ ਫੜਿਆ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਇਹ ਜਾਣਕਾਰੀ ਦਿੱਤੀ। ਸੀ.ਬੀ.ਪੀ. ਨੇ ਸੋਮਵਾਰ ਨੂੰ ਦੱਸਿਆ ਕਿ ਮਾਰਚ ਵਿਚ ਅਮਰੀਕਾ ਦੀ ਦੱਖਣੀ ਸਰਹੱਦ ’ਤੇ 2,21,303 ਪ੍ਰਵਾਸੀ ਫੜੇ ਗਏ। ਇਸ ਤੋਂ ਪਹਿਲਾਂ ਮਾਰਚ 2000 ’ਚ ਅਮਰੀਕਾ-ਮੈਕਸੀਕੋ ਸਰਹੱਦ ’ਤੇ 2,20,063 ਪ੍ਰਵਾਸੀਆਂ ਨੂੰ ਫੜਿਆ ਗਿਆ ਸੀ।¿;
ਸੀ.ਬੀ.ਪੀ. ਦੇ ਅੰਕੜਿਆਂ ਦੇ ਅਨੁਸਾਰ ਮਾਰਚ ਵਿਚ ਫੜੇ ਗਏ ਜ਼ਿਆਦਾਤਰ ਪ੍ਰਵਾਸੀ ਮੈਕਸੀਕੋ ਅਤੇ ਹੋਰ ਦੇਸ਼ਾਂ ਦੇ ਅਣਵਿਆਹੇ ਬਾਲਗ ਸਨ। ਸੀ.ਬੀ.ਪੀ. ਨੇ ਦੱਸਿਆ ਕਿ ਅਕਤੂਬਰ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੀ ਦੱਖਣੀ ਸਰਹੱਦ ’ਤੇ 10 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਾਹਮਣਾ ਕੀਤਾ ਗਿਆ ਹੈ। ਬਾਇਡਨ ਪ੍ਰਸ਼ਾਸਨ 23 ਮਈ ਨੂੰ ਕੋਰੋਨਾ ਵਾਇਰਸ-ਸਬੰਧਤ ਟਾਈਟਲ 42 ਸਿਹਤ ਨੀਤੀ ਨੂੰ ਖ਼ਤਮ ਕਰ ਸਕਦਾ ਹੈ। ਇਹ ਟਰੰਪ ਦੇ ਕਾਰਜਕਾਲ ਦੀ ਨੀਤੀ ਹੈ, ਜਿਸ ਨੇ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਹੈ ਕਿ ਉਹ ਅਮਰੀਕਾ ਦੀ ਦੱਖਣੀ ਸਰਹੱਦ ’ਤੇ ਸ਼ਰਣ ਮੰਗਣ ਵਾਲੇ ਪ੍ਰਵਾਸੀਆਂ ਨੂੰ ਤੁਰੰਤ ਵਾਪਸ ਮੋੜ ਦੇਣ।

Share