ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਬੀਬੀ ਨੂੰ ਮਿਲੇਗੀ ਵਿੱਤ ਮੰਤਰੀ ਦੀ ਜ਼ਿੰਮੇਵਾਰੀ

460
Share

-ਜੇਨੇਟ ਯੇਲੇਨ ਦੇ ਅਮਰੀਕਾ ਦੀ ਪਹਿਲੀ ਬੀਬੀ ਵਿੱਤ ਮੰਤਰੀ ਬਣਨ ਦਾ ਰਸਤਾ ਸਾਫ
ਵਾਸ਼ਿੰਗਟਨ, 26 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਕਿਸੇ ਬੀਬੀ ਦੇ ਹੱਥਾਂ ’ਚ ਸੌਂਪੀ ਗਈ ਹੈ। ਅਮਰੀਕੀ ਸੈਨੇਟ ਨੇ ਮਸ਼ਹੂਰ ਅਰਥਸ਼ਾਸਤਰੀ ਜੇਨੇਟ ਯੇਲੇਨ (74) ਦੇ ਅਮਰੀਕਾ ਦੀ ਪਹਿਲੀ ਬੀਬੀ ਵਿੱਤ ਮੰਤਰੀ ਬਣਨ ਦਾ ਰਸਤਾ ਸਾਫ ਕਰ ਦਿੱਤਾ। ਭਾਵੇਂਕਿ ਵ੍ਹਾਈਟ ਹਾਊਸ ਨੇ ਇਸ ’ਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਯੇਲੇਨ ਕਦੋਂ ਸਹੁੰ ਚੁੱਕੇਗੀ।
ਸੈਨੇਟ ’ਚ ਸੋਮਵਾਰ ਨੂੰ ਪੁਸ਼ਟੀ ਦੀ ਸੁਣਵਾਈ ਦੌਰਾਨ ਯੇਲੇਨ ਦੇ ਸਮਰਥਨ ਵਿਚ 84 ਅਤੇ ਵਿਰੋਧ ਵਿਚ 15 ਵੋਟ ਪਏ। ਸੈਨੇਟ ਦੀਆਂ 100 ਸੀਟਾਂ ਵਿਚੋਂ ਡੈਮੋਕ੍ਰੇਟ ਅਤੇ ਰਿਪਬਲਿਕਨ ਪਾਰਟੀਆਂ ਕੋਲ 50-50 ਸੀਟਾਂ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਸੰਸਦ ਦੇ ਇਸ ਉੱਚ ਸਦਨ ਦੀ ਪ੍ਰਧਾਨ ਹੈ ਅਤੇ ਉਨ੍ਹਾਂ ਦੀ ਵੋਟ ਇੱਥੇ ਡੈਮੋਕ੍ਰੇਟਸ ਨੂੰ ਬੜਤ ਪ੍ਰਦਾਨ ਕਰਦੀ ਹੈ। ਯੇਲੇਨ ਫੈਡਰਲ ਰਿਜ਼ਰਵ ਦੀ ਸਾਬਕਾ ਪ੍ਰਧਾਨ ਰਹੀ ਹੈ। ਉਨ੍ਹਾਂ ਦੇ ਜਲਦੀ ਹੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਉਹ ਰਾਸ਼ਟਰਪਤੀ ਜੋਅ ਬਾਇਡਨ ਦੀ ਕੈਬਨਿਟ ਦੀ ਅਜਿਹੀ ਤੀਜੀ ਮੰਤਰੀ ਹੈ, ਜਿਨ੍ਹਾਂ ਦੇ ਨਾਮ ਦੀ ਪੁਸ਼ਟੀ ਸੈਨੇਟ ਹੁਣ ਤੱਕ ਕਰ ਚੁੱਕਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਅਹੁਦੇ ਲਈ ਨਾਮਜ਼ਦ ਟੌਨੀ ਬਲਿੰਕੇਨ ਦੇ ਨਾਮ ’ਤੇ ਵੀ ਸੈਨੇਟ ਦੀ ਮੁਹਰ ਜਲਦ ਦੀ ਲੱਗਣ ਦੀ ਸੰਭਾਵਨਾ ਹੈ।

Share