ਅਮਰੀਕੀ ਆਗੂਆਂ ਵੱਲੋਂ ਆਲਮੀ ਮਨੁੱਖੀ ਅਧਿਕਾਰ ਦਿਵਸ ‘ਤੇ ਦਿੱਲੀ ਕਿਰਸਾਨ ਮੋਰਚੇ ਦੀ ਪੁਰਜ਼ੋਰ ਹਿਮਾਇਤ

477
Share

ਵਾਸ਼ਿੰਗਟਨ ਡੀ.ਸੀ., 16 ਦਸੰਬਰ (ਬਲਵਿੰਦਰਪਾਲ ਸਿੰਘ ਖਾਲਸਾ/ ਪੰਜਾਬ ਮੇਲ)- 10 ਦਸੰਬਰ ਦਾ ਦਿਨ ਸੰਯੁਕਤ ਰਾਸ਼ਟਰ ਸੰਘ ਵੱਲੋਂ ਆਲਮੀ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਦਿਨ ਹੈ। ਇਸ ਦਿਨ ਵਿਸ਼ੇਸ਼ ਕਰਕੇ ਏ.ਜੀ.ਪੀ.ਸੀ. ਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕਰਕੇ ਕੋਵਿਡ-19 ਦੀਆਂ ਪਾਬੰਦੀਆਂ ਨਾਲ ਸਹਿਮਤ ਹੁੰਦਿਆਂ, ਇਕ ਵੱਡੀ ਜੂਮ ਮੀਟਿੰਗ ਦਾ ਵੱਡਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਅਮਰੀਕੀ ਕਾਂਗਰਸ ਮੈਂਬਰ ਜੌਹਨ ਗੈਰਾਮੰਡੀ, ਜੋ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੇ-ਚੇਅਰ ਹਨ, ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ, ਜਿਸ ਵਿਚ ਉਨ੍ਹਾਂ ਦਾ ਸਾਥ ਦਿੱਤਾ, ਕਾਂਗਰਸਮੈਨ ਟੀ.ਜੇ. ਕਾਕਸ ਨੇ। ਇਨ੍ਹਾਂ ਤੋਂ ਇਲਾਵਾ ਸਿੱਖ ਕਾਕਸ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਸੰਯੁਕਤ ਰਾਸ਼ਟਰ ਸੰਘ ਦੀ ਗਲੋਬਲ ਸਟੀਅਰਿੰਗ ਕਮੇਟੀ ਮੈਂਬਰ ਡਾ. ਇਕਤਦਾਰ ਚੀਮਾ, ਸੰਵਿਧਾਨਾਂ ਦੇ ਮਾਹਰ ਤੇ ਰਿਆਤ ਬਹਾਰਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਦਲਜੀਤ ਸਿੰਘ, ਕਨੈਕਟੀਕਟ ਸਟੇਟ ਸੈਨੇਟਰ ਕੈਥੀ ਉਸਟਨ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਤੇ ਬ੍ਰਿਟਿਸ਼ ਪਾਰਲੀਮੈਂਟ ਮੈਂਬਰ ਪ੍ਰੀਤ ਗਿੱਲ ਸ਼ਾਮਲ ਹੋਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਨੁੱਖੀ ਅਧਿਕਾਰ ਸਰਗਰਮੀਆਂ ਵਾਲੇ ਮੈਂਬਰ ਸ਼ਾਮਲ ਹੋਏ। ਗੱਲਬਾਤ ‘ਚ ਜੌਹਨ ਗੈਰਾਮੰਡੀ ਨੇ ਕਿਹਾ ਕਿ ਅਮਰੀਕੀ ਕਾਂਗਰਸ ਭਾਰਤੀ ਕਿਰਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਬਹੁਤ ਕਦਰ ਕਰਦੀ ਹੈ ਤੇ ਉਨ੍ਹਾਂ ਦੁਆਰਾ ਭਾਰਤ ਸਰਕਾਰ ਦੁਆਰਾ ਕਿਰਸਾਨਾਂ ਦੀ ਉਪਜ ਦੀਆਂ ਵਾਜਬ ਕੀਮਤਾਂ ਦੇਣ ਦੇ ਉਲਟ ਬਣਾਏ ਕਾਨੂੰਨਾਂ ਦੇ ਵਿਰੁੱਧ ਕੀਤੇ ਜਾ ਰਹੇ ਲੋਕਤੰਤਰਿਕ ਰੋਸ ਮੁਜ਼ਾਹਰੇ ਦੀ ਪੁਰਜ਼ੋਰ ਹਿਮਾਇਤ ਕਰਦੀ ਹੈ। ਲੋਕਤੰਤਰੀ ਦੇਸ਼ਾਂ ‘ਚ ਸ਼ਾਂਤੀ ਨਾਲ ਇਕੱਠੇ ਹੋਣ, ਵਿਚਾਰ ਪ੍ਰਗਟ ਕਰਨ, ਰੋਸ ਪ੍ਰਗਟ ਕਰਨ ਦੀ ਸੰਵਿਧਾਨਕ ਗਾਰੰਟੀ ਹੈ ਤੇ ਇਸ ਵਿਚ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਬਲਕਿ ਸਰਕਾਰ ਨੂੰ ਮੁਜ਼ਾਹਰਾ ਕਰਨ ਵਾਸਤੇ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਕਾਨੂੰਨੀ ਹੱਕ ਹੈ। ਪਰ ਭਾਰਤ ਸਰਕਾਰ ਦੁਆਰਾ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨੀ, ਲਾਠੀਚਾਰਜ ਕਰਨਾ ਤੇ ਅੱਥਰੂ ਗੈਸ ਦੀ ਵਰਤੋਂ ਕਰਨੀ, ਬਹੁਤ ਗਲਤ ਤੇ ਜ਼ਾਲਮਾਨਾ ਕਾਰਵਾਈ ਹੈ। ਅਮਰੀਕੀ ਕਾਂਗਰਸ ਇਸਦਾ ਸਖਤੀ ਨਾਲ ਵਿਰੋਧ ਕਰਦੀ ਹੈ। ਲਗਪਗ ਮਿਲਦੇ-ਜੁਲਦੇ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸਮੈਨ ਟੀ.ਜੇ. ਕਾਕਸ ਨੇ ਪ੍ਰਗਟ ਕੀਤਾ।  ਡਾਕਟਰ ਚੀਮਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਦਿੱਲੀ ਦੇ ਮੋਰਚੇ ਉਤੇ ਖਾਸ ਨਜ਼ਰ ਰੱਖ ਰਿਹਾ ਹੈ ਤੇ ਕਿਰਸਾਨਾਂ ਦੇ ਰੋਸ ਮੁਜ਼ਾਹਰੇ ਦੀ ਹਿਮਾਇਤ ਕਰਦਾ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਖਾਸ ਤੌਰ ‘ਤੇ ਦਿੱਲੀ ਕਿਰਸਾਨ ਮੋਰਚੇ ਦੀ ਹਿਮਾਇਤ ਕੀਤੀ ਹੈ।
ਸਭ ਨੇ ਇਕ ਆਵਾਜ਼ ਵਿਚ ਕਿਹਾ ਕਿ ਮੋਦੀ ਸਰਕਾਰ ਨੂੰ ਕਿਰਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਛੇਤੀ ਲੱਭਣਾ ਚਾਹੀਦਾ ਹੈ, ਤਾਂ ਕਿ ਲੋਕ ਸੰਤੁਸ਼ਟ ਹੋ ਸਕਣ। ਏ.ਜੀ.ਪੀ.ਸੀ. ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਅਮਰੀਕਨ ਸਿੱਖ ਕਾਕਸ ਕਮੇਟੀ ਦੀਆਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਵਾਸਤੇ ਕੀਤੀਆਂ ਸ਼ਾਨਦਾਰ ਕੋਸ਼ਿਸ਼ਾਂ ਵਾਸਤੇ ਅਮਰੀਕੀ ਕਾਂਗਰਸਮੈਨਾਂ ਦਾ ਹਾਰਦਿਕ ਧੰਨਵਾਦ ਕੀਤਾ ਤੇ ਕਿਹਾ ਕਿ ਅੱਗੇ ਤੋਂ ਵੀ ਅਜਿਹੇ ਯਤਨ ਹੁੰਦੇ ਰਹਿਣਗੇ।


Share