ਅਮਰੀਕੀ ਅਦਾਲਤ ਵੱਲੋਂ 2 ਪੰਜਾਬੀਆਂ ਨੂੰ ਉਮਰ ਕੈਦ ਦੀ ਸਜ਼ਾ

15
ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੌਰਾਨ ਦੋਵੇਂ ਚਚੇਰੇ ਭਰਾ ਸਵੀਰੰਤ ਸਿੰਘ ਅਠਵਾਲ ਤੇ ਅੰਮ੍ਰਿਤਾਜ ਸਿੰਘ ਅਠਵਾਲ।
Share

ਨਿਊਯਾਰਕ, 14 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੀ ਅਦਾਲਤ ਨੇ ਕਤਲ ਮਾਮਲੇ ਵਿਚ ਆਪਣਾ ਅੰਤਿਮ ਫ਼ੈਸਲਾ ਸੁਣਾਉਂਦੇ ਹੋਏ ਪੰਜਾਬੀ ਮੂਲ ਦੇ ਦੋ ਚਚੇਰੇ ਭਰਾਵਾਂ- ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੱਥੇ ਦੱਸ ਦਈਏ ਕਿ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਵਿਚ 13 ਨਵੰਬਰ 2017 ਵਿਚ ਦੋ ਚਚੇਰੇ ਭਰਾਵਾਂ- ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੇ ਕੈਸ਼ੀਅਰ ਦਾ ਕੰਮ ਕਰਦੇ ਇਕ ਪੰਜਾਬੀ ਮੂਲ ਦੇ ਧਰਮਪ੍ਰੀਤ ਸਿੰਘ ਜੱਸੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਮਾਰਨ ਤੋਂ ਪਹਿਲਾਂ ਰਿਵਾਲਰ ਦੀ ਨੋਕ ‘ਤੇ ਕੈਸ਼ ਦੇ ਨਾਲ 60 ਕਾਰਟੂਨ ਸਿਗਰਟਾਂ ਦੇ ਲੁੱਟੇ ਸਨ।

ਮਾਰੇ ਗਏ ਕਲਰਕ ਧਰਮਪ੍ਰੀਤ ਸਿੰਘ ਜੱਸੜ ਦੀ ਫਾਈਲ ਫੋਟੋ।

ਪ੍ਰੌਸੀਕਿਊਟਰਾਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਨੇ ਨਵੰਬਰ 2017 ਵਿਚ ਮਡੇਰਾ ਕਾਉਂਟੀ ਵਿਚ ਮਡੇਰਾ ਕਾਉਂਟੀ ਦੇ ਟੈਕਲ ਬਾਕਸ ਗੈਸ ਸਟੇਸ਼ਨ ਨੂੰ ਲੁੱਟਿਆ ਅਤੇ ਉਥੇ ਕੈਸ਼ੀਅਰ ਧਰਮਪ੍ਰੀਤ ਜੱਸੜ ਨੂੰ ਗੋਲੀ ਮਾਰਨ ਤੋਂ ਪਹਿਲਾਂ ਨਕਦੀ ਅਤੇ ਸਿਗਰਟਾਂ ਦੇ ਡੱਬੇ ਚੋਰੀ ਕਰ ਕੇ ਲੈ ਗਏ ਸਨ। ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ‘ਚ ਪਾਇਆ ਗਿਆ ਕਿ ਕਲਰਕ ਆਪਣੇ ਹੱਥ ਖੜ੍ਹੇ ਕਰ ਰਿਹਾ ਸੀ ਅਤੇ ਆਪਣੀ ਜ਼ਿੰਦਗੀ ਬਖਸ਼ਣ ਲਈ ਫ਼ਰਿਆਦ ਕਰ ਰਿਹਾ ਸੀ। ਇਨ੍ਹਾਂ ਭਰਾਵਾਂ ਨੇ ਲੁੱਟ ਖੋਹ ਦੇ ਬਾਅਦ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਕੋਰਟ ਵਿਚ ਮ੍ਰਿਤਕ ਕਲਰਕ ਧਰਮਪ੍ਰੀਤ ਸਿੰਘ ਜੱਸੜ ਦੇ ਮਾਪੇ ਵੀ ਹਾਜ਼ਰ ਸਨ। ਜੱਸੜ ਦੇ ਪਿਤਾ ਨੇ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਅਤੇ ਉਸ ਦੇ ਉਜਵਲ ਭਵਿੱਖ ਲਈ ਉਸ ਨੂੰ ਅਮਰੀਕਾ ਭੇਜਿਆ ਸੀ, ਤਾਂ ਜੋ ਉਹ ਕੁਝ ਬਣਾ ਸਕੇ। ਧਰਮਪ੍ਰੀਤ ਸਿੰਘ ਆਪਣੀ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਇੱਥੇ ਕੰਮ ਕਰਦਾ ਸੀ।


Share