ਅਮਰੀਕੀ ਅਦਾਲਤ ਵੱਲੋਂ ਬੀਮੇ ਦੇ ਪੈਸਿਆਂ ਲਈ 2 ਪੁੱਤਰਾਂ ਦਾ ਕਤਲ ਕਰਨ ਵਾਲੇ ਪਿਤਾ ਨੂੰ 212 ਸਾਲ ਦੀ ਸਜ਼ਾ

513
Share

-ਆਪਣੀ ਪਤਨੀ ਦਾ ਵੀ ਕਤਲ ਕਰਨ ਦੀ ਕੀਤੀ ਸੀ ਕੋਸ਼ਿਸ਼
ਲਾਸ ਏਂਜਲਸ, 14 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖ਼ਸ ਨੇ ਆਪਣੇ ਹੀ 2 ਬੱਚਿਆਂ ਨੂੰ ਝੀਲ ’ਚ ਡੁਬੋ ਕੇ ਮੌਤ ਦੇ ਘਾਟ ਉਤਾਰ ਦਿੱਤਾ, ਤਾਂ ਕਿ ਬੀਮੇ ਦੇ ਪੈਸੇ ਮਿਲ ਸਕਣ। ਇੰਨਾ ਹੀ ਨਹੀਂ, ਉਸ ਨੇ ਆਪਣੀ ਪਤਨੀ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਸ਼ਖ਼ਸ ਦੀ ਪਛਾਣ ਅਲੀ ਐਲਮੇਜ਼ਾਇਨ ਦੇ ਰੂਪ ’ਚ ਹੋਈ ਹੈ।
ਬੱਚਿਆਂ ਦੇ ਕਤਲ ਦੇ ਕਰੀਬ 5 ਸਾਲ ਬਾਅਦ ਹੁਣ ਅਲੀ ਐਲਮੇਜ਼ਾਇਨ ਨੂੰ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਅਮਰੀਕੀ ਅਦਾਲਤ ਨੇ ਵੀਰਵਾਰ ਨੂੰ ਉਸ ਨੂੰ 212 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। 45 ਸਾਲ ਦੇ ਅਲੀ ਐਲਮੇਜ਼ਾਇਨ ਨੇ ਸਾਲ 2015 ’ਚ ਬੀਮੇ ਦੇ ਪੈਸੇ ਲੈਣ ਲਈ ਆਪਣੇ ਬੱਚਿਆਂ ਅਤੇ ਪਤਨੀ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਜੁਲਾਈ 2012 ਤੋਂ ਮਾਰਚ 2013 ਦਰਮਿਆਨ 8 ਬੀਮਾ ਕੰਪਨੀਆਂ ਤੋਂ ਆਪਣੇ ਅਤੇ ਆਪਣੇ ਪਰਿਵਾਰ ਲਈ 3 ਮਿਲੀਅਨ ਡਾਲਰ (ਲਗਭਗ 21 ਕਰੋੜ ਰੁਪਏ) ਤੋਂ ਵੱਧ ਦੀ ਜੀਵਨ ਅਤੇ ਹਾਦਸੇ ਨਾਲ ਮੌਤ ਸਬੰਧੀ ਬੀਮਾ ਪਾਲਿਸੀਆਂ ਖ਼ਰੀਦੀਆਂ ਸਨ। ਇਸ ਦੌਰਾਨ ਉਸ ਨੇ ਲਗਾਤਾਰ ਬੀਮਾ ਕੰਪਨੀਆਂ ਤੋਂ ਜਾਣਕਾਰੀ ਮੰਗੀ ਕਿ, ਕੀ ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਹਾਦਸੇ ਕਾਰਨ ਹੋਈ ਮੌਤ ਤੋਂ ਬਾਅਦ ਇਹ ਪੈਸਾ ਮਿਲੇਗਾ। ਬੀਮਾ ਪਾਲਿਸੀ ਖ਼ਤਮ ਹੋਣ ਤੋਂ 12 ਦਿਨ ਪਹਿਲਾਂ ਐਲਮੇਜ਼ਾਇਨ ਨੇ ਆਪਣੇ ਬੱਚਿਆਂ ਨੂੰ ਝੀਲ ਵਿਚ ਡੁਬੋ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਆਪਣੀ ਪਹਿਲੀ ਪਤਨੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕਿਸਮਤ ਚੰਗੀ ਸੀ ਕਿ ਉਹ ਬੱਚ ਗਈ।¿;
ਰਿਪੋਰਟ ਮੁਤਾਬਕ ਅਲੀ ਨੇ ਪਤਨੀ ਅਤੇ ਬੱਚਿਆਂ ਨੂੰ ਕਾਰ ’ਚ ਬਿਠਾਇਆ ਅਤੇ ਕਾਰ ਨੂੰ ਪਾਣੀ ਵਿਚ ਲੈ ਗਿਆ। ਉਹ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਿਆ ਪਰ 8 ਸਾਲ ਅਤੇ 13 ਸਾਲ ਦੇ ਬੱਚੇ ਅਤੇ ਪਤਨੀ ਕਾਰ ਵਿਚ ਹੀ ਫਸੇ ਰਹੇ। ਇਸ ਦੌਰਾਨ ਕੁੱਝ ਮਛੇਰਿਆਂ ਨੇ ਪਾਣੀ ’ਚ ਛਾਲ ਮਾਰ ਕੇ ਪਤਨੀ ਨੂੰ ਤਾਂ ਬਚਾਅ ਲਿਆ ਪਰ ਬੱਚਿਆਂ ਦੀ ਮੌਤ ਹੋ ਗਈ। ਅਲੀ ਦਾ ਤੀਜਾ ਬੱਚਾ ਵੀ ਸੀ ਪਰ ਉਹ ਉਸ ਸਮੇਂ ਕਾਰ ’ਚ ਮੌਜੂਦ ਨਹੀਂ ਸੀ। ਅਮਰੀਕਾ ਦੇ ਜ਼ਿਲ੍ਹਾ ਜੱਜ ਜੋਹਨ ਅਤੇ ਵਾਲਟਰ ਨੇ ਐਲਮੇਜ਼ਾਇਨ ਨੂੰ ਬੇਰਹਿਮ ਅਤੇ ਲਾਲਚੀ ਦੱਸਦੇ ਹੋਏ 212 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸ਼ਰਮ ਦੀ ਗੱਲ ਇਹ ਹੈ ਕਿ ਅਲੀ ਨੂੰ ਆਪਣੇ ਬੱਚਿਆਂ ਦੇ ਮਰਨ ਦਾ ਦੁੱਖ ਨਹੀਂ ਹੈ, ਉਸ ਨੂੰ ਸਿਰਫ਼ ਅਫ਼ਸੋਸ ਇਹ ਹੈ ਕਿ ਉਹ ਫੜਿਆ ਗਿਆ।

Share