ਅਮਰੀਕਾ 45 ਨੌਜਵਾਨਾਂ ‘ਤੇ ਕਰੇਗਾ ਕੋਰੋਨਾ ਵੈਕਸੀਨ ਦਾ ਟ੍ਰਾਇਲ

806
Share

ਵਾਸ਼ਿੰਗਟਨ, 18 ਮਾਰਚ (ਪੰਜਾਬ ਮੇਲ)- ਅਮਰੀਕਾ ਨੇ ਕੋਰੋਨਾ ਵਾਇਰਸ ‘ਤੇ ਵੈਕਸੀਨ ਤਿਆਰ ਕੀਤੀ ਹੈ ਜਿਸ ਦਾ ਟ੍ਰਾਇਲ ਸੋਮਵਾਰ ਨੂੰ ਵਾਸ਼ਿੰਗਟਨ ਸਿਹਤ ਖੋਜ ਸੰਸਥਾਨ ਵਿਚ ਹੋਇਆ। ਟ੍ਰਾਇਲ ਵਿਚ 45 ਸਿਹਤਮੰਦ ਨੌਜਵਾਨ ਸ਼ਾਮਲ ਹੋਣਗੇ। ਇਹ ਕੋਰੋਨਾਵਾਇਰਸ ਨਾਲ ਇਨਫੈਕਟਿਡ ਨਹੀਂ ਹਨ ਪਰ ਵੈਕਸੀਨ ਦੇ ਸਾਈਡ ਇਫੈਕਟ ਪਤਾ ਲਗਾਉਣ ਲਈ ਪਹਿਲਾਂ ਇਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਵੈਕਸੀਨ ਦੀਆਂ ਖਾਸ ਗੱਲਾਂ

  1. ਵੈਕਸੀਨ ਨੂੰ ਅਮਰੀਕੀ ਫਾਰਮਾ ਕੰਪਨੀ ਮੋਡਰਮਾ ਨੇ ਤਿਆਰ ਕੀਤਾ ਅਤੇ ਇਸ ਦੀ ਫੰਡਿੰਗ ਕਰ ਰਹੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਨਾਲ ਮਿਲ ਕੇ ਟ੍ਰਾਇਲ ਕੀਤਾ ਜਾ ਰਿਹਾ ਹੈ। ਟ੍ਰਾਇਲ ‘ਚ ਸਫਲਤਾ ਮਿਲਣ ‘ਤੇ ਵੀ ਇਸ ਨੂੰ ਤਿਆਰ ਕਰਨ ਵਿਚ 18 ਮਹੀਨੇ ਲੱਗਣਗੇ।
  2. ਇਹ ਵੈਕਸੀਨ ਜੈਨੇਟਿਕ ਇੰਜੀਨੀਅਰਿੰਗ ‘ਤੇ ਅਧਾਰਿਤ ਹੈ, ਜਦੋਂ ਮਰੀਜ਼ ਨੂੰ ਇਸ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ, ਤਾਂ ਸਰੀਰ ਦੀਆਂ ਕੋਸ਼ਿਕਾਵਾਂ ਵਾਇਰਸ ਨੂੰ ਛੋਟੇ-ਛੋਟੇ ਟੋਟਿਆਂ ਵਿਚ ਕੱਟਦੀ ਹੈ। ਟੋਟਿਆਂ ਦੀ ਮਦਦ ਨਾਲ ਸਰੀਰ ਦਾ ਇਮਿਊਨ ਸਿਸਟਮ ਵਾਇਰਸ ਦੀ ਪਛਾਣ ਸ਼ੁਰੂ ਕਰਦਾ ਹੈ।
  3. ਇੰਜੈਕਸ਼ਨ ‘ਚ ਮੌਜੂਦ ਦਵਾਈ ਆਰ.ਐੱਨ.ਏ. ਨੂੰ ਪ੍ਰਭਾਵਿਤ ਕਰਦੀ ਹੈ, ਜੋ ਇਮਿਊਨ ਸਿਸਟਮ ਨੂੰ ਆਪਣਾ ਟਾਰਗੇਟ ਯਾਨੀ ਵਾਇਰਸ ਨੂੰ ਫੜਣ ਦਾ ਹੁਕਮ ਦਿੰਦਾ ਹੈ।
  4. ਵਿਗਿਆਨੀ ਥਿਊਰੀ ਮੁਤਾਬਕ ਜਦੋਂ ਬਣਾਉਟੀ ਆਰ.ਐੱਨ.ਏ. ਇਨਸਾਨ ਦੇ ਸਰੀਰ ‘ਚ ਜਾਂਦਾ ਹੈ, ਤਾਂ ਕੋਸ਼ਿਕਾਵਾਂ ਵਿਚ ਪਹੁੰਚ ਕੇ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਤਿਆਰ ਕਰਨ ਲੱਗਦਾ ਹੈ। ਇਹ ਪ੍ਰੋਟੀਨ ਵਾਇਰਸ ਦੀ ਉਪਰੀ ਸਤ੍ਹਾ ਨਾਲ ਮਿਲਦਾ-ਜੁਲਦਾ ਹੁੰਦਾ ਹੈ, ਜੋ ਇਮਿਊਨ ਸਿਸਟਮ ‘ਤੇ ਦਬਾਅ ਬਣਾਉਂਦਾ ਹੈ ਕਿ ਬਿਨਾਂ ਇਨਸਾਨ ਨੂੰ ਨੁਕਸਾਨ ਪਹੁੰਚਾਏ ਵਾਇਰਸ ਨੂੰ ਫੜੀਏ।

ਅਪ੍ਰੈਲ ਵਿਚ ਹੋਣਾ ਸੀ ਟ੍ਰਾਇਲ
ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੰਸ ਡਿਸੀਜ਼ ਦੇ ਡਾਇਰੈਕਟਰ ਏਂਥਨੀ ਫੌਸੀ ਮੁਤਾਬਕ ਸ਼ੁਰੂਆਤੀ ਟ੍ਰਾਇਲ ਸਫਲ ਰਹਿੰਦਾ ਹੈ, ਤਾਂ ਪੂਰੀ ਦੁਨੀਆਂ ਦੇ ਮਰੀਜ਼ਾਂ ਨੂੰ ਇਸ ਉਪਲਬਧੀ ‘ਚ ਡੇਢ ਸਾਲ ਲੱਗਣਗੇ। ਪਹਿਲਾਂ ਇਸ ਵੈਕਸੀਨ ਦਾ ਟ੍ਰਾਇਲ ਅਪ੍ਰੈਲ ‘ਚ ਹੋਣਾ ਸੀ ਪਰ ਦੁਨੀਆਂ ਭਰ ‘ਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਵੱਧਦੇ ਅੰਕੜੇ ਸਾਹਮਣੇ ਆਏ ਅਤੇ ਤਾਰੀਖ ‘ਚ ਬਦਲਾਅ ਕਰਨਾ ਪਿਆ।
ਪੂਰੀ ਦੁਨੀਆਂ ਦੇ 157 ਦੇਸ਼ਾਂ ਨੂੰ ਕੋਰੋਨਾ ਆਪਣੀ ਲਪੇਟ ‘ਚ ਲੈ ਚੁੱਕਾ ਹੈ। ਇਸ ਨਾਲ ਪੂਰੀ ਦੁਨੀਆਂ ‘ਚ 6515 ਅਤੇ ਅਮਰੀਕਾ ‘ਚ 75 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆਂ ‘ਚ 1,80,000 ਤੋਂ ਵੱਧ ਲੋਕ ਅਜੇ ਵੀ ਕੋਰੋਨਾ ਦੀ ਲਪੇਟ ‘ਚ ਹਨ।


Share