ਅਮਰੀਕਾ: ਹਵਾਈ ਪੂਰੀ ਤਰ੍ਹਾਂ ਟੀਕਾ ਲੱਗੇ ਯਾਤਰੀਆਂ ਨੂੰ ਦੇਵੇਗਾ ਟੈਸਟਿੰਗ ਅਤੇ ਕੁਆਰੰਟੀਨ ਤੋਂ ਰਾਹਤ

122
Share

ਫਰਿਜ਼ਨੋ (ਕੈਲੀਫੋਰਨੀਆ), 25 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਟੇਟ ਹਵਾਈ ਅਗਲੇ ਤਕਰੀਬਨ ਦੋ ਹਫਤਿਆਂ ਵਿੱਚ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲੱਗੇ ਹੋਏ ਘਰੇਲੂ ਯਾਤਰੀਆਂ ਨੂੰ ਆਪਣੇ ਟੈਸਟਿੰਗ ਅਤੇ ਕੁਆਰੰਟੀਨ ਨਿਯਮਾਂ ਤੋਂ ਰਾਹਤ ਦੇਵੇਗੀ। ਇਸ ਸਬੰਧੀ ਗਵਰਨਰ ਡੇਵਿਡ ਇਗੇ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਸਟੇਟ 8 ਜੁਲਾਈ ਨੂੰ ਪੂਰੀ ਤਰ੍ਹਾਂ ਟੀਕੇ ਲਗਾਏ  ਹੋਏ ਅਮਰੀਕੀ ਯਾਤਰੀਆਂ ਲਈ ਮੌਜੂਦਾ ਯਾਤਰਾ ਪਾਬੰਦੀਆਂ ਨੂੰ ਹਟਾ ਦੇਵੇਗੀ। ਇਸ ਛੋਟ ਤਹਿਤ ਯਾਤਰੀਆਂ ਨੂੰ ਆਪਣੇ ਟੀਕਾਕਰਨ ਦੇ ਕਾਰਡਾਂ ਨੂੰ  ਰਾਜ ਦੀ ਵੈਬਸਾਈਟ ‘ਤੇ ਅਪਲੋਡ ਕਰਨ ਦੇ ਨਾਲ ਯਾਤਰਾ ਦੌਰਾਨ ਇੱਕ ਹਾਰਡ ਕਾਪੀ ਲਿਆਉਣੀ ਵੀ ਜਰੂਰੀ ਹੋਵੇਗੀ।
ਹਵਾਈ ਦੇ ਗਵਰਨਰ ਅਨੁਸਾਰ ਸੂਬੇ ਵਿੱਚ ਉਸ ਸਮੇਂ ਤੱਕ  ਟੀਕਾਕਰਨ ਦੀ ਦਰ 60% ਤੱਕ ਪਹੁੰਚਣ ਦੀ ਉਮੀਦ ਹੈ। ਹਵਾਈ ਨੇ ਵੀ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਏਅਰ ਲਾਈਨ ਦੀਆਂ ਟਿਕਟਾਂ ਅਤੇ ਰੈਸਟੋਰੈਂਟ ਵਿੱਚ ਛੋਟ ਦੇ ਐਲਾਨ ਕੀਤੇ ਹਨ। ਇਸਦੇ ਇਲਾਵਾ ਰੈਸਟੋਰੈਂਟ 8 ਜੁਲਾਈ ਨੂੰ ਆਪਣੀ ਸਮਰੱਥਾ ਦੇ 75% ਤੱਕ ਬੈਠ ਸਕਣਗੇ, ਹਾਲਾਂਕਿ ਟੇਬਲਾਂ ਵਿਚਕਾਰ ਸਮਾਜਕ ਦੂਰੀ ਨਿਯਮ ਬਣੇ ਰਹਿਣਗੇ ਅਤੇ ਘਰ ਦੇ ਅੰਦਰ ਇਕੱਠੇ ਹੋਣ ‘ਤੇ ਲੋਕਾਂ ਨੂੰ ਅਜੇ ਵੀ ਮਾਸਕ ਪਹਿਨਣੇ ਪੈਣਗੇ ਜਦਕਿ  ਬਾਹਰ ਮਾਸਕ ਜਰੂਰੀ ਨਹੀਂ ਹਨ। ਹਵਾਈ ਵਿੱਚ ਟੀਕਾਕਰਨ ਦੀ ਦਰ  70% ਤੱਕ ਪਹੁੰਚਣ ‘ਤੇ ਮਹਾਂਮਾਰੀ ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ। ਹਾਲਾਂਕਿ ਯਾਤਰਾ ਦੌਰਾਨ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਗਾਇਆ  ਹੈ, ਉਨ੍ਹਾਂ ਨੂੰ ਹਵਾਈ ਯਾਤਰਾ ਕਰਨ ਤੋਂ ਪਹਿਲਾਂ ਨੈਗੇਟਿਵ ਕੋਰੋਨਾ ਵਾਇਰਸ ਟੈਸਟ ਕਰਵਾਉਣ ਦੀ ਲੋੜ ਜਾਰੀ ਰਹੇਗੀ। ਜਿਕਰਯੋਗ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਹਵਾਈ ਵਿੱਚ ਕੋਵਿਡ -19 ਦੀ ਲਾਗ ਅਤੇ ਮੌਤ ਦੀ ਦਰ ਸਭ ਤੋਂ ਘੱਟ ਹੈ।

Share