ਅਮਰੀਕਾ ਸਮੇਤ ਹੋਰ ਦੇਸ਼ਾਂ ਵਿਚ ਸਥਿਤੀ ਮੁੜ ਲੀਹ ‘ਤੇ ਆਉਣੀ ਸ਼ੁਰੂ

904
Share

ਕੋਵਿਡ-19 ਦੇ ਦੂਜੇ ਪੜਾਅ ਬਾਰੇ ਚਿੰਤਾ ਸ਼ੁਰੂ

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਅਮਰੀਕਾ ਸਮੇਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਕੋਰੋਨਾਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਖੋਲ੍ਹਣ ਦਾ ਦੌਰ ਸ਼ੁਰੂ ਹੋ ਗਿਆ ਹੈ। ਕਰੀਬ ਸਾਰੇ ਹੀ ਮੁਲਕਾਂ ਵਿਚ ਜਨਜੀਵਨ ਅਤੇ ਆਰਥਿਕ ਸਰਗਰਮੀਆਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਪਾਬੰਦੀਆਂ ਵੱਡੇ ਪੱਧਰ ‘ਤੇ ਹਟਾਈਆਂ ਜਾ ਰਹੀਆਂ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਹਵਾਈ ਸੇਵਾਵਾਂ ਤੋਂ ਲੈ ਕੇ ਸਮੁੱਚੇ ਆਵਾਜਾਈ ਪ੍ਰਬੰਧ ਦੇ ਠੱਪ ਹੋ ਜਾਣ, ਹਰ ਤਰ੍ਹਾਂ ਦੀ ਵਪਾਰਕ, ਸਨਅਤੀ ਸਰਗਰਮੀ ਬੰਦ ਹੋ ਜਾਣ ਸਮੇਤ ਸਮੁੱਚਾ ਜਨਜੀਵਨ ਹੀ ਵਾਇਰਸ ਦੇ ਭੈਅ ਕਾਰਨ ਠੱਪ ਹੋ ਜਾਣ ਨਾਲ ਦੁਨੀਆਂ ਇਕ ਨਵੀਂ ਆਰਥਿਕ ਮੰਦੀ ਵੱਲ ਧੱਕੀ ਗਈ ਹੈ। ਵੱਡੇ ਪੱਧਰ ਉੱਤੇ ਲੌਕਡਾਊਨ ਕਰਕੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਕਰੋਨਾ ਆਫਤ ਦਾ ਕਹਿਰ ਕਾਫੀ ਘਟਿਆ ਨਜ਼ਰ ਆ ਰਿਹਾ ਹੈ। ਪਰ ਇਸ ਦੇ ਨਾਲ-ਨਾਲ ਇਹ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ ਕਿ ਕੋਰੋਨਾਵਾਇਰਸ ਦਾ ਦੂਜਾ ਪੜਾਅ ਕਿੰਨਾ ਕੁ ਮਾਰੂ ਹੋ ਸਕਦਾ ਹੈ ਅਤੇ ਇਸ ਵਿਰੁੱਧ ਤਿਆਰੀ ਕਿਵੇਂ ਕੀਤੀ ਜਾਵੇ। ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਦਾ ਤਜ਼ਰਬਾ ਦੱਸਦਾ ਹੈ ਕਿ ਵਾਇਰਸ ਦੇ ਕੇਸ ਨੂੰ ਲੱਭਣਾ, ਪੀੜਤਾਂ ਨੂੰ ਵੱਖਰਾ ਕਰਨਾ, ਟੈਸਟ ਕਰਨੇ ਅਤੇ ਮਰੀਜ਼ਾਂ ਦੀ ਸੰਭਾਲ ਕਰਨਾ ਇਸ ਬਿਮਾਰੀ ਦੇ ਮੂਲ ਸਬਕ ਹਨ। ਇਸ ਵਾਇਰਸ ਨੂੰ ਰੋਕਣ ਲਈ ਕੋਈ ਵੈਕਸੀਨ ਨਾ ਹੋਣ ਕਾਰਨ ਹਾਲ ਦੀ ਘੜੀ ਸਾਰਿਆਂ ਦਾ ਜ਼ੋਰ ਇਸ ਗੱਲ ਉਪਰ ਹੀ ਲੱਗਾ ਹੋਇਆ ਹੈ ਕਿ ਵਾਇਰਸ ਪੀੜਤ ਦੇ ਹਰ ਸੰਪਰਕ ਨੂੰ ਲੱਭ ਕੇ ਕੁਆਰੰਟੀਨ ਕਰਨਾ ਹੀ ਸਭ ਤੋਂ ਬਿਹਤਰ ਕਦਮ ਹੈ।
ਅਮਰੀਕਾ ਵਿਚ ਪਿਛਲੇ ਦੋ ਮਹੀਨਿਆਂ ਦੌਰਾਨ ਕਈ ਸੂਬਿਆਂ ਅੰਦਰ ਕੋਰੋਨਾਵਾਇਰਸ ਨੇ ਕਹਿਰ ਮਚਾਈ ਰੱਖਿਆ ਹੈ, ਜਿਸ ਕਾਰਨ 1 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਰ ਹੁਣ ਅਮਰੀਕਾ ਵੀ ਹੋਰਨਾਂ ਬਹੁਤ ਸਾਰੇ ਮੁਲਕਾਂ ਵਾਂਗ ਲਾਗ ਦੀ ਇਸ ਬਿਮਾਰੀ ਤੋਂ ਮੁੜ ਉਭਰਨ ਲੱਗਾ ਹੈ। ਪਰ ਬਹੁਤ ਸਾਰੇ ਸਿਹਤ ਮਾਹਰ ਅਮਰੀਕਾ ਅੰਦਰ ਕੋਰੋਨਾਵਾਇਰਸ ਦਾ ਦੂਜਾ ਪੜਾਅ ਸ਼ੁਰੂ ਹੋਣ ਦੇ ਖਤਰੇ ਨੂੰ ਲੈ ਕੇ ਬੇਹੱਦ ਚਿੰਤਤ ਹਨ। ਅਜਿਹੇ ਮਾਹਰ ਇਸ ਵੇਲੇ ਵਾਇਰਸ ਦੀ ਦੂਜੀ ਲਹਿਰ ਕਿੰਨੀ ਕੁ ਭਿਆਨਕ ਹੋ ਸਕਦੀ ਹੈ, ਬਾਰੇ ਚਿੰਤਤ ਹਨ। ਗਾਰਡੀਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਉਪਰ ਕੰਮ ਕਰਦੀ ਟੀਮ ਦੇ ਨਿਰਦੇਸ਼ਕ ਐਂਡਰਿਆ ਏਮਾਨ ਦਾ ਕਹਿਣਾ ਹੈ ਕਿ ਹੁਣ ਸਵਾਲ ਇਹ ਹੈ ਕਿ ਦੂਜੀ ਲਹਿਰ ਕਦੋਂ ਆਵੇਗੀ ਤੇ ਕਿੰਨੀ ਵੱਡੀ ਹੋਵੇਗੀ। ਪੂਰੀ ਦੁਨੀਆਂ ਦੀਆਂ ਸਰਕਾਰਾਂ ਇਸ ਸਵਾਲ ਦਾ ਹੱਲ ਕਰਨ ਲਈ ਜੂਝ ਰਹੀਆਂ ਹਨ। ਹਰ ਦੇਸ਼ ਦਾ ਕੋਰੋਨਾਵਾਇਰਸ ਨਾਲ ਨਿਪਟਣ ਦਾ ਤਰੀਕਾ ਭਾਵੇਂ ਵੱਖੋ-ਵੱਖਰਾ ਹੈ, ਪਰ ਮੂਲ ਸਬਕ ਇਕੋ ਜਿਹੇ ਹੀ ਮਿਲ ਰਹੇ ਹਨ। ਸਾਰੇ ਦੇਸ਼ਾਂ ਅੰਦਰ ਵਾਇਰਸ ਪੀੜਤ ਲੋਕਾਂ ਨੂੰ ਲੱਭਣ ਲਈ ਵੱਧ ਤੋਂ ਵੱਧ ਟੈਸਟ ਕਰਨ, ਪੀੜਤ ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡਾਂ ਵਿਚ ਰੱਖਣ ਅਤੇ ਸੰਭਾਲ ਕਰਨ ਦਾ ਹੈ। ਜੇ ਹੋਰ ਸਰਲ ਤਰੀਕੇ ਨਾਲ ਕਹਿਣਾ ਹੋਵੇ, ਤਾਂ ਵਾਇਰਸ ਦੀ ਕੜੀ ਤੋੜਨ ਲਈ ਸਰੀਰਕ ਦੂਰੀ ਸਭ ਤੋਂ ਵੱਡਾ ਮੰਤਰ ਹੈ। ਇਸੇ ਲਈ ਦੁਨੀਆਂ ਭਰ ਵਿਚ ਸਿਹਤ ਮਾਹਰਾਂ ਅਤੇ ਸਰਕਾਰਾਂ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ ਕਿ ਲੋਕ ਵੱਧ ਤੋਂ ਵੱਧ ਘਰਾਂ ਵਿਚ ਰਹਿਣ, ਇਕ ਮੀਟਰ ਤੋਂ ਵੱਧ ਸਰੀਰਕ ਫਾਸਲਾ ਰੱਖਣ ਅਤੇ ਮੂੰਹ ਤੇ ਨੱਕ ਮਾਸਕ ਨਾਲ ਢੱਕ ਕੇ ਰੱਖਣ। ਇਹ ਮਕਸਦ ਹਾਸਲ ਕਰਨ ਲਈ ਹੀ ਵੱਖ-ਵੱਖ ਦੇਸ਼ਾਂ ਨੇ ਜਨਜੀਵਨ ਨੂੰ ਘਰਾਂ ਤੱਕ ਹੀ ਸੀਮਤ ਕਰਕੇ ਰੱਖ ਦੇਣ ਲਈ ਲੌਕਡਾਊਨ, ਐਮਰਜੈਂਸੀ ਜਾਂ ਕਰਫਿਊ ਲਗਾਉਣ ਦੇ ਐਲਾਨ ਕੀਤੇ। ਸ਼ਾਇਦ ਦੁਨੀਆਂ ਵਿਚ ਪਹਿਲੀ ਵਾਰ ਹੈ ਕਿ ਵੱਡੀ ਪੱਧਰ ਉੱਤੇ ਏਕਾਂਤਵਾਸ ਕੇਂਦਰ ਬਣਾਏ ਗਏ ਹਨ। ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਏਸ਼ੀਆ ਤੋਂ ਆ ਰਹੇ ਅੰਕੜਿਆਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਜੰਗੀ ਪੱਧਰ ‘ਤੇ ਟੈਸਟਿੰਗ ਕਰਨਾ, ਟਰੇਸਿੰਗ ਕਰਨਾ ਅਤੇ ਫਿਰ ਕੁਆਰੰਟੀਨ ਕਰਨਾ ਹੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਦਾ ਇੱਕੋ-ਇੱਕ ਤਰੀਕਾ ਹੈ।
ਅਮਰੀਕਾ ‘ਚ ਇਸ ਵੇਲੇ ਰਾਜਾਂ ਨੂੰ ਵੱਡੇ ਪੱਧਰ ‘ਤੇ ਪਾਬੰਦੀਆਂ ਹਟਾਉਣ ਦੇ ਹੁਕਮ ਦਿੱਤੇ ਗਏ ਹਨ। ਵੱਖ-ਵੱਖ ਰਾਜਾਂ ਦੇ ਗਵਰਨਰਾਂ ਵੱਲੋਂ ਪਾਬੰਦੀਆਂ ਹਟਾਉਣ ਲਈ ਹੁਕਮ ਵੀ ਜਾਰੀ ਕੀਤੇ ਜਾਣ ਲੱਗੇ ਹਨ। ਉਂਝ ਤਾਂ ਅਮਰੀਕਾ ਅੰਦਰ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਪਹਿਲਾਂ ਵੀ ਠੱਪ ਨਹੀਂ ਸਨ ਹੋਏ। ਪਰ ਫਿਰ ਵੀ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ। ਹੁਣ 50 ਰਾਜਾਂ ਨੇ ਦੋ ਮਹੀਨਿਆਂ ਬਾਅਦ ਲੱਗੀਆਂ ਪਾਬੰਦੀਆਂ ਹਟਾਉਣ ਲਈ ਵੀ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਵੱਖ-ਵੱਖ ਸੂਬਿਆਂ ਵਿਚ ਪਾਬੰਦੀਆਂ ਹਟਾਉਣ ਦੇ ਵੱਖਰੇ-ਵੱਖਰੇ ਫੈਸਲੇ ਲਏ ਜਾ ਰਹੇ ਹਨ। ਹਾਲਾਂਕਿ ਮਿਨੀਸੋਟਾ ਅਤੇ ਟੈਕਸਸ ਸਮੇਤ ਕੁੱਝ ਰਾਜਾਂ ਵਿਚ ਵਾਇਰਸ ਪੀੜਤਾਂ ਦੇ ਕੇਸਾਂ ਵਿਚ ਵੀ ਵਾਧਾ ਹੋ ਰਿਹਾ ਹੈ। ਪਬਲਿਕ ਹੈਲਥ ਅਧਿਕਾਰੀਆਂ ਦੀ ਚਿਤਾਵਨੀ ਹੈ ਕਿ ਇਕਦਮ ਢਿੱਲ ਦੇਣ ਨਾਲ ਵਾਇਰਸ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਗੱਲ ਵਪਾਰਕ ਲੋਕ ਹੀ ਤੈਅ ਕਰਨਗੇ ਕਿ ਅਜਿਹੀਆਂ ਵਪਾਰਕ ਖੁੱਲ੍ਹਾਂ ਨਾਲ ਉਨ੍ਹਾਂ ਨੂੰ ਕਿੰਨਾ ਕੁ ਲਾਭ ਹੁੰਦਾ ਹੈ ਅਤੇ ਲੋਕਾਂ ਦਾ ਅਜਿਹੀਆਂ ਖੁੱਲ੍ਹਾਂ ਪ੍ਰਤੀ ਰਿਸਪਾਂਸ ਕਿਹੋ ਜਿਹਾ ਆਉਂਦਾ ਹੈ। ਉਂਝ ਰਾਜਾਂ ਵੱਲੋਂ ਸਾਰੇ ਰਿਟੇਲ ਸਟੋਰ ਖੋਲ੍ਹ ਦਿੱਤੇ ਗਏ ਹਨ। ਚਰਚਾਂ ਨੂੰ ਵੀ ਮੁੜ ਖੋਲ੍ਹਿਆ ਜਾ ਰਿਹਾ ਹੈ ਅਤੇ ਕਸੀਨੋ ਵੀ ਪੜਾਅ ਵਾਰ ਖੋਲ੍ਹੇ ਜਾ ਰਹੇ ਹਨ। ਇੱਥੋਂ ਤੱਕ ਕਿ ਬਾਰਾਂ ਅਤੇ ਰੈਸਟੋਰੈਂਟਾਂ ਨੂੰ ਵੀ ਖੁੱਲ੍ਹ ਦਿੱਤੀ ਜਾ ਰਹੀ ਹੈ। ਪਰ ਬਹੁਤ ਸਾਰੇ ਰਾਜਾਂ ਵਿਚ ਅਜੇ ਅਦਾਲਤਾਂ ਦਾ ਕੰਮਕਾਜ ਨਹੀਂ ਖੁੱਲ੍ਹ ਸਕਿਆ।
ਪੂਰੀ ਦੁਨੀਆਂ ਵਿਚ ਇਸ ਵੇਲੇ ਕੋਰੋਨਾਵਾਇਰਸ ਆਫਤ ਕਾਰਨ ਕੀਤੇ ਲੌਕਡਾਊਨ ਨਾਲ ਵੱਡੀ ਆਰਥਿਕ ਮੰਦੀ ਛਾਈ ਹੋਈ ਹੈ। ਅਮਰੀਕਾ ਵਿਚ ਵੀ ਇਸ ਵੇਲੇ 3 ਕਰੋੜ ਤੋਂ ਵਧੇਰੇ ਲੋਕ ਰੁਜ਼ਗਾਰ ਖੋਹ ਚੁੱਕੇ ਹਨ। ਵੱਡੀ ਗਿਣਤੀ ਵਪਾਰਕ ਅਦਾਰੇ ਤੇ ਸਨੱਅਤਾਂ ਮੰਦਹਾਲੀ ਦੇ ਦੌਰ ਵਿਚ ਜਾ ਪਹੁੰਚੀਆਂ ਹਨ। ਇਕ ਪਾਸੇ ਦੇਸ਼ ਨੂੰ ਕੋਰੋਨਾਵਾਇਰਸ ਦੇ ਦੂਜੇ ਦੌਰ ਵਿਚ ਸ਼ਾਮਲ ਹੋਣ ਤੋਂ ਬਚਾਉਣਾ ਹੈ ਅਤੇ ਦੂਜੇ ਪਾਸੇ ਦੇਸ਼ ਦੀ ਨਿੱਘਰ ਰਹੀ ਹਾਲਤ ਨੂੰ ਮੁੜ ਉਭਾਰਨਾ ਹੈ। ਇਨ੍ਹਾਂ ਦੋਹਾਂ ਮਾਮਲਿਆਂ ‘ਚ ਸੰਤੁਲਨ ਬਣਾ ਕੇ ਚੱਲਣਾ ਬੇਹੱਦ ਮੁਸ਼ਕਲ ਭਰਿਆ ਕੰਮ ਬਣ ਗਿਆ ਹੈ। ਜਨਜੀਵਨ ਅਤੇ ਆਰਥਿਕ ਖੇਤਰ ਵਿਚ ਵਧੀ ਸਰਗਰਮੀ ਵਾਇਰਸ ਦੇ ਵਧਣ ਦਾ ਖਦਸ਼ਾ ਖੜ੍ਹਾ ਕਰ ਦਿੰਦੀ ਹੈ। ਪਰ ਦੂਜੇ ਪਾਸੇ ਦੇਸ਼ ਦੀ ਹਰ ਤਰ੍ਹਾਂ ਦੀ ਸਰਗਰਮੀ ਨੂੰ ਠੱਪ ਕਰ ਦੇਣ ਨਾਲ ਆਰਥਿਕ ਮੰਦਹਾਲੀ ਪੈਦਾ ਹੋਣ ਦਾ ਖਤਰਾ ਬਣ ਰਿਹਾ ਹੈ। ਆਰਥਿਕ ਮੰਦਹਾਲੀ ਕਾਰਨ ਕਰੋੜਾਂ ਲੋਕ ਬੇਰੁਜ਼ਗਾਰ ਹੋ ਰਹੇ ਹਨ ਅਤੇ ਉਨ੍ਹਾਂ ਲਈ ਜੀਵਨ ਨਿਰਵਾਹ ਦੇ ਮੌਕੇ ਦੁਰਲੱਭ ਹੁੰਦੇ ਜਾ ਰਹੇ ਹਨ। ਅਜਿਹੇ ਵਿਚ ਵਾਇਰਸ ਦੀ ਆਫਤ ਨਾਲ ਇਕ ਨਵੀਂ ਕਿਸਮ ਦੀ ਆਰਥਿਕ ਮੰਦਹਾਲੀ ਦਾ ਦੌਰ ਖਤਰੇ ਵਾਲੇ ਹਾਲਾਤ ਵਿਚ ਪਹੁੰਚਣ ਦਾ ਵੀ ਖਦਸ਼ਾ ਖੜ੍ਹਾ ਕਰ ਰਿਹਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜ਼ਿੰਦਗੀ ਚਲਾਉਣ ਲਈ ਲੋਕਾਂ ਨੂੰ ਘਰਾਂ ਵਿਚੋਂ ਨਿਕਲਣ ਦੀ ਇਜਾਜ਼ਤ ਦੇਣੀ ਹੀ ਪਵੇਗੀ। ਪਰ ਜਨਜੀਵਨ ਸ਼ੁਰੂ ਹੋਣ ਨਾਲ ਵਾਇਰਸ ਦੇ ਫੈਲਣ ਦੀ ਸਮੱਸਿਆ ਨਾਲ ਜੂਝਣ ਵਾਸਤੇ ਹੋਰ ਵਧੇਰੇ ਅਹਿਤਿਆਤ ਅਤੇ ਤਕੜੇ ਹੋ ਕੇ ਕੰਮ ਕਰਨਾ ਪਵੇਗਾ।
ਵੱਖ-ਵੱਖ ਮੁਲਕਾਂ ‘ਚ ਵਾਇਰਸ ਨੂੰ ਰੋਕਣ ਲਈ ਵੈਕਸੀਨ ਅਤੇ ਦਵਾਈਆਂ ਤਿਆਰ ਕਰਨ ਦੀ ਦੌੜ ਲੱਗੀ ਹੋਈ ਹੈ। ਅਮਰੀਕਾ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਤਿਆਰ ਕੀਤੀ ਵੈਕਸੀਨ ਦੇ ਮਨੁੱਖਾਂ ਉਪਰ ਵੀ ਟੈਸਟ ਹੋਣੇ ਸ਼ੁਰੂ ਹੋ ਗਏ ਹਨ। ਇਸੇ ਤਰ੍ਹਾਂ ਚੀਨ, ਬ੍ਰਾਜ਼ੀਲ ਅਤੇ ਬਰਤਾਨੀਆ ਨੇ ਵੀ ਵੈਕਸੀਨ ਤਿਆਰ ਕਰਨ ਦੇ ਦਾਅਵੇ ਕੀਤੇ ਹਨ। ਪਰ ਅਜੇ ਤੱਕ ਇਨ੍ਹਾਂ ਦਾਅਵਿਆਂ ਦੀ ਪ੍ਰ੍ਰਮਾਣਕਿਤਾ ਸਾਹਮਣੇ ਨਹੀਂ ਆ ਸਕੀ।
ਅਮਰੀਕਾ ਵਿਚ ਡਾਕਟਰਾਂ ਵੱਲੋਂ ਕੀਤੇ ਅਧਿਐਨ ਦੇ ਆਏ ਨਤੀਜਿਆਂ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਦੀ ਬਿਮਾਰੀ ਖਿਲਾਫ ਲੜਨ ਵਾਲੇ ਲੋਕਾਂ ਅੰਦਰਲਾ ਸੁਰੱਖਿਆ ਮਾਦਾ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਅਜਿਹੇ ਲੋਕਾਂ ਉੱਪਰ ਵਾਇਰਸ ਦੇ ਦੂਜੇ ਹਮਲੇ ਦੀ ਗੂੰਜਾਇਸ਼ ਬੇਹੱਦ ਘੱਟ ਹੋ ਜਾਂਦੀ ਹੈ। ਅਜਿਹੇ ਮਾਹਰਾਂ ਦਾ ਦਾਅਵਾ ਹੈ ਕਿ ਪਹਿਲੇ ਫੇਜ਼ ਦੌਰਾਨ ਵਾਇਰਸ ਖਿਲਾਫ ਲੜਾਈ ‘ਚ ਲੋਕਾਂ ਅੰਦਰ ਸਖ਼ਤ ਇਮਿਊਨਿਟੀ ਪੱਧਰ ਇੰਨਾ ਵੱਧ ਜਾਂਦਾ ਹੈ ਕਿ ਵਾਇਰਸ ਦੇ ਹਮਲੇ ਦਾ ਉਨ੍ਹਾਂ ਉੱਪਰ ਮਾਰੂ ਅਸਰ ਉਜਾਗਰ ਨਹੀਂ ਹੁੰਦਾ। ਬਹੁਤ ਸਾਰੇ ਹੋਰ ਦੇਸ਼ਾਂ ਵਿਚ ਪਲਾਜ਼ਮਾ ਡਾਕਟਰੀ ਇਲਾਜ ਦਾ ਤਜ਼ਰਬਾ ਵੀ ਕੀਤਾ ਜਾ ਰਿਹਾ ਹੈ। ਪਲਾਜ਼ਮਾ ਦਾ ਮੂਲ ਮੰਤਰ ਵੀ ਇਹੀ ਹੈ ਕਿ ਜਿਹੜੇ ਮਰੀਜ਼ ਕੋਰੋਨਾਵਾਇਰਸ ਤੋਂ ਪੀੜਤ ਹੋ ਕੇ ਜੇਤੂ ਹੋ ਜਾਂਦੇ ਹਨ, ਉਨ੍ਹਾਂ ਦਾ ਸੁਰੱਖਿਆ ਮਾਦਾ ਮਜ਼ਬੂਤ ਹੋ ਜਾਂਦਾ ਹੈ ਤੇ ਬਿਮਾਰੀ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ। ਅਜਿਹੇ ਵਿਅਕਤੀਆਂ ਦਾ ਖੂਨ ਲੈ ਕੇ ਪੀੜਤ ਵਿਅਕਤੀ ਨੂੰ ਚੜ੍ਹਾਏ ਜਾਣ ਨਾਲ ਉਸ ਅੰਦਰ ਵੀ ਸੁਰੱਖਿਆ ਮਾਦਾ ਮਜ਼ਬੂਤ ਹੋ ਜਾਂਦਾ ਹੈ ਤੇ ਵਾਇਰਸ ਨੂੰ ਖਤਮ ਕਰਨ ਵਿਚ ਮਦਦ ਮਿਲਦੀ ਹੈ। ਬਹੁਤ ਸਾਰੇ ਮਾਹਰ ਇਸ ਗੱਲ ਦੇ ਵੀ ਹਾਮੀ ਹਨ ਕਿ ਪਹਿਲੇ ਪੜਾਅ ਵਿਚ ਵਾਇਰਸ ਖਿਲਾਫ ਲੜਦਿਆਂ ਲੋਕਾਂ ਦਾ ਸੁਰੱਖਿਆ ਮਾਦਾ ਮਜ਼ਬੂਤ ਹੋਇਆ ਹੈ। ਇਸ ਨਾਲ ਦੂਜੇ ਪੜਾਅ ਨੂੰ ਰੋਕਣ ਜਾਂ ਕੰਟਰੋਲ ਕਰਨ ਵਿਚ ਮਦਦ ਮਿਲੇਗੀ। ਭਾਰਤ ਅੰਦਰ ਕੋਰੋਨਾਵਾਇਰਸ ਦੇ ਕਹਿਰ ਦੇ ਘੱਟ ਹੋਣ ਅਤੇ ਮੌਤਾਂ ਦੀ ਗਿਣਤੀ ਬਹੁਤ ਥੋੜ੍ਹੀ ਹੋਣ ਦਾ ਵੱਡਾ ਕਾਰਨ ਵੀ ਇਹੀ ਸਮਝਿਆ ਜਾਂਦਾ ਹੈ ਕਿ ਭਾਰਤ ਦੇ ਲੋਕਾਂ ਦਾ ਇਮਿਊਨਿਟੀ ਲੈਵਲ ਕਾਫੀ ਮਜ਼ਬੂਤ ਹੈ। ਅਮਰੀਕਾ ਅੰਦਰ ਵੀ ਸਿਹਤ ਮਾਹਰਾਂ ਵੱਲੋਂ ਲੋਕਾਂ ਦੇ ਸਰੀਰ ਅੰਦਰਲੇ ਸੁਰੱਖਿਆ ਮਾਦੇ ਨੂੰ ਮਜ਼ਬੂਤ ਕਰਨ ਉਪਰ ਵੀ ਜ਼ੋਰ ਦੇਣਾ ਪਵੇਗਾ।


Share