ਅਮਰੀਕਾ: ਸਪੇਸ ਐਕਸ ਨੇ 4 ਯਾਤਰੀਆਂ ਨੂੰ ਪੁਲਾੜ ਯਾਤਰਾ ‘ਤੇ ਭੇਜਿਆ

532
Share

ਫਰਿਜ਼ਨੋ (ਕੈਲੀਫੋਰਨੀਆ), 16 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਪੁਲਾੜ (ਸਪੇਸ) ਏਜੰਸੀ ਸਪੇਸ ਐਕਸ ਨੇ ਪਹਿਲੀ ਪ੍ਰਾਈਵੇਟ ਸਪੇਸ ਫਲਾਈਟ ਨੂੰ ਲਾਂਚ ਕੀਤਾ ਜਿਸ ਵਿਚਲੇ ਸਾਰੇ 4 ਯਾਤਰੀ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਹਨ। ਇੱਕ ਪੂਰੀ ਤਰ੍ਹਾਂ ਆਟੋਮੈਟਿਕ ਰਾਕੇਟ/ ਕੈਪਸੂਲ ਵਿੱਚ ਚਾਰ ਪ੍ਰਾਈਵੇਟ ਨਾਗਰਿਕ ਦੋ ਪੁਰਸ਼ ਅਤੇ ਦੋ ਔਰਤਾਂ  ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਲਗਭਗ 75 ਮੀਲ ਉਚਾਈ ‘ਤੇ ਦੁਨੀਆ ਦਾ ਚੱਕਰ ਲਗਾਉਂਦੇ ਹੋਏ ਤਿੰਨ ਦਿਨ ਬਿਤਾਉਣਗੇ। ਇਹ ਮਿਸ਼ਨ ਜਿਸ ਨੂੰ ‘ਇੰਸਪਾਈਰੇਸ਼ਨ 4’ ਕਿਹਾ ਗਿਆ ਹੈ, ਨੂੰ ਨਾਸਾ ਦੇ ਕੇਪ ਕੈਨਾਵੇਰਲ, ਫਲੋਰਿਡਾ ਵਿੱਚ ਕੈਨੇਡੀ ਸਪੇਸ ਸੈਂਟਰ ਤੋਂ ਰਾਤ 8 ਵਜੇ ਦੇ ਬਾਅਦ ਲਾਂਚ ਕੀਤਾ ਗਿਆ। ਇਸ ਯਾਤਰਾ ਵਿਚ ਸ਼ਾਮਲ 4 ਪੁਲਾੜ ਯਾਤਰੀ  ਜੇਰੇਡ ਇਸਾਕਮੈਨ, ਹੇਲੇ ਆਰਸੀਨੌਕਸ, ਕ੍ਰਿਸ ਸੇਮਬਰੋਸਕੀ ਅਤੇ ਡਾ. ਸਿਆਨ ਪ੍ਰਾਕਟਰ ਹਨ। ਦੱਸਣਯੋਗ ਹੈ ਕਿ ਇਹ ਚਾਰੋਂ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਹਨ ਪਰ  ਮਾਰਚ ਵਿੱਚ ਫਲਾਈਟ ਕਰੂ ਦੇ ਐਲਾਨ ਤੋਂ ਬਾਅਦ ਇਹ ਯਾਤਰਾ ਸਬੰਧੀ  ਸਿਖਲਾਈ ਲੈ ਰਹੇ ਸਨ। ਇਸਾਕਮੈਨ ਜੋ ਕਿ ਇੱਕ ਨਿਪੁੰਨ ਜੈੱਟ ਪਾਇਲਟ ਅਤੇ ਪੇਮੈਂਟ ਪ੍ਰੋਸੈਸਿੰਗ ਫਰਮ ਸ਼ਿਫਟ 4 ਪੇਮੈਂਟਸ ਦੇ ਸੰਸਥਾਪਕ ਅਤੇ ਸੀ ਈ ਓ ਹਨ, ਇਸ ਮਿਸ਼ਨ ਦੇ ਕਮਾਂਡਰ ਵਜੋਂ ਕੰਮ ਕਰਨਗੇ।
38 ਸਾਲਾਂ ਇਸਾਕ ਦੀ ਅੰਦਾਜ਼ਨ ਕੁੱਲ ਸੰਪਤੀ 2.4 ਬਿਲੀਅਨ ਡਾਲਰ ਹੈ ਅਤੇ ਉਸਨੇ ਉਡਾਣ ਲਈ ਸਪੇਸ ਐਕਸ ਨੂੰ 200 ਮਿਲੀਅਨ ਦਾ ਭੁਗਤਾਨ ਕੀਤਾ ਹੈ।
ਇਸਾਕਮੈਨ ਨੇ ਇਸ ਮਿਸ਼ਨ ਲਈ ਦੋ ਸੀਟਾਂ ਦਾਨ ਕੀਤੀਆਂ, ਜਿਸ ਵਿੱਚੋਂ 1 ਅਰਸੀਨੌਕਸ (29) ਨੂੰ ਦਿੱਤੀ ਗਈ ਹੈ, ਜੋ
ਇੱਕ ਬੋਨ ਕੈਂਸਰ ਤੋਂ ਠੀਕ ਹੋਣ ਦੇ ਬਾਅਦ ਸੇਂਟ ਜੂਡ ਫਿਜ਼ੀਸ਼ੀਅਨ ਸਹਾਇਕ ਹਨ ।ਅਰਸੀਨੌਕਸ ਇਸ ਮਿਸ਼ਨ ਦੇ ਚੀਫ ਮੈਡੀਕਲ ਅਧਿਕਾਰੀ ਵਜੋਂ ਕੰਮ ਕਰਨਗੇ।
ਇਹਨਾਂ ਦੇ ਇਲਾਵਾ ਕ੍ਰਿਸ ਸੇਮਬਰੋਸਕੀ (42) ਸਾਬਕਾ ਏਅਰ ਫੋਰਸ ਅਧਿਕਾਰੀ ਨੇ ਇਸ ਯਾਤਰਾ ਲਈ ਸੀਟ ਪ੍ਰਾਪਤ ਕੀਤੀ। ਆਖਰੀ ਚੌਥੀ ਯਾਤਰੀ ਸਿਆਨ ਪ੍ਰੋਕਟਰ (51) ਅਰੀਜ਼ੋਨਾ ਦੇ ਟੈਂਪੇ ਵਿੱਚ ਇੱਕ ਕਮਿਊਨਿਟੀ ਕਾਲਜ ਅਧਿਆਪਕ ਹੈ। ਉਸਨੇ ਇਸਾਕਮੈਨ ਦੇ ਸ਼ਿਫਟ 4 ਸ਼ੌਪ ਈ -ਕਾਮਰਸ ਪਲੇਟਫਾਰਮ ਦੁਆਰਾ ਆਯੋਜਿਤ ਇੱਕ ਮੁਕਾਬਲਾ ਜਿੱਤ ਕੇ ਪੁਲਾੜ ਵਿੱਚ ਆਪਣੀ ਟਿਕਟ ਹਾਸਲ ਕੀਤੀ। ਪੁਲਾੜ ਯਾਤਰਾ ਦੇ ਦੇ ਤਿੰਨ ਦਿਨਾਂ ਬਾਅਦ, ਇਹ ਯਾਤਰੀ ਸ਼ਨੀਵਾਰ ਦੇਰ ਰਾਤ ਜਾਂ ਐਤਵਾਰ ਦੇ ਸ਼ੁਰੂ ਵਿੱਚ ਫਲੋਰਿਡਾ ‘ਚ ਅਟਲਾਂਟਿਕ ਮਹਾਂਸਾਗਰ ਵਿੱਚ ਉਤਰਨਗੇ।

Share