ਅਮਰੀਕਾ ਸਥਿਤ ਸਟੋਰ ’ਚ ਵੜ੍ਹ ਕੇ ਲੁਟੇਰੇ ਇਕ ਲੱਖ ਡਾਲਰ ਤੋਂ ਵਧ ਦਾ ਸਮਾਨ ਲੁੱਟ ਕੇ ਫਰਾਰ

140
Share

ਸੈਕਰਾਮੈਂਟੋ, 24 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਓਕ ਬਰੁੱਕ, ਇਲੀਨੋਇਸ ’ਚ ਇਕ ਸਟੋਰ ’ਚ ਜ਼ਬਰਦਸਤੀ ਵੜ੍ਹ ਕੇ ਲੁਟੇਰੇ ਇਕ ਲੱਖ ਡਾਲਰ ਤੋਂ ਵਧ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ। ਲੁੱਟਮਾਰ ਦੀ ਇਹ ਘਟਨਾ ਓਕ ਬਰੁੱਕ ਦੇ ਲੋਇਸ ਵੂਇਟਨ ਸਟੋਰ ’ਚ ਵਾਪਰੀ। ਓਕ ਬਰੁੱਕ ਪੁਲਿਸ ਵਿਭਾਗ ਅਨੁਸਾਰ ਲੁਟੇਰਿਆਂ ਦੀ ਗਿਣਤੀ ਘੱਟੋ-ਘੱਟ 14 ਸੀ, ਜਿਨ੍ਹਾਂ ਨੇ ਸਟੋਰ ’ਚ ਧੱਕੇ ਨਾਲ ਦਾਖਲ ਹੋ ਕੇ ਕੂੜੇ-ਕਰਕਟ ਵਾਲੀਆਂ ਬੋਰੀਆਂ ਚੁੱਕੀਆਂ ਤੇ ਉਨ੍ਹਾਂ ਵਿਚ ਸਮਾਨ ਭਰ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਸਟੋਰ ਦੇ ਪ੍ਰਬੰਧਕਾਂ ਕੋਲੋਂ ਲਈ ਗਈ ਵੀਡੀਓ ’ਚ ਲੁੱਟਮਾਰ ਦੀ ਪੂਰੀ ਘਟਨਾ ਰਿਕਾਰਡ ਹੈ। ਲੁਟੇਰਿਆਂ ਨੇ ਮੂੰਹ ਬੰਨ੍ਹੇ ਹੋਏ ਸਨ। ਜਦੋਂ ਉਹ ਸਟੋਰ ’ਚ ਦਾਖਲ ਹੋਏ, ਤਾਂ ਦੂਸਰੇ ਗਾਹਕ ਹਫੜਾ-ਦਫੜੀ ’ਚ ਬਾਹਰ ਨਿਕਲ ਗਏ। ਪੁਲਿਸ ਮੁਖੀ ਜੇਮਜ਼ ਕਰੂਜਰ ਅਨੁਸਾਰ ਲੁਟੇਰੇ ਤਿੰਨ ਗੱਡੀਆਂ ’ਚ ਸਵਾਰ ਸਨ ਤੇ ਲੁੱਟਮਾਰ ਕਰਨ ਤੋਂ ਬਾਅਦ ਇਨ੍ਹਾਂ ਗੱਡੀਆਂ ’ਚ ਸਮਾਨ ਨਾਲ ਭਰੀਆਂ ਬੋਰੀਆਂ ਲੱਦ ਕੇ ਫਰਾਰ ਹੋ ਗਏ। ਓਕ ਬਰੁੱਕ ਸ਼ਿਕਾਗੋ ਦੇ ਪੱਛਮ ’ਚ ਤਕਰੀਬਨ 25 ਮੀਲ ਦੂਰ ਸਥਿਤ ਹੈ। ਕਰੂਜ਼ਰ ਨੇ ਕਿਹਾ ਹੈ ਕਿ ਉਹ ਵੀਡੀਓ ਤੇ ਹੋਰ ਲੋਕਾਂ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸ਼ੱਕੀ ਦੋਸ਼ੀਆਂ ਦੀ ਪਛਾਣ ਕਰਨ ਦਾ ਯਤਨ ਕਰ ਰਹੇ ਹਨ।

Share