ਅਮਰੀਕਾ ਵੱਸਦੇ ਪੰਜਾਬੀ ਮੂਲ ਦੇ ਡਾਕਟਰ ਨੇ ਦਿੱਲੀ ਸਰਹੱਦ ‘ਤੇ ਵਸਾਇਆ ‘ਪਿੰਡ ਕੈਲੀਫੋਰਨੀਆ’

464
Share

ਕੈਲੀਫੋਰਨੀਆ, 14 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਭਾਰਤ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਸਾਨ ਹਮਾਇਤੀ ਜੱਥੇਬੰਦੀਆਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਕਰੀਬਨ ਡੇਢ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੰਘਰਸ਼ ਹੁਣ ਕਿਸਾਨੀ ਹਿੱਤਾਂ ਨੂੰ ਬਚਾਉਣ ਲਈ ਅਤੇ ਹੱਕ ਪ੍ਰਾਪਤ ਕਰਨ ਲਈ ਇਕ ਮੁਹਿੰਮ ਬਣ ਚੁੱਕਾ ਹੈ। ਕਿਸਾਨਾਂ ਦੀ ਹਮਾਇਤ ਲਈ ਪੰਜਾਬੀ ਭਾਈਚਾਰੇ ਦੇ ਵਿਦੇਸ਼ਾਂ ਵਿਚ ਵੱਸਦੇ ਲੋਕ ਵੀ ਆਪਣਾ ਯੋਗਦਾਨ ਵੱਡੇ ਪੱਧਰ ‘ਤੇ ਪਾ ਰਹੇ ਹਨ। ਇਨ੍ਹੀਂ ਦਿਨੀਂ ਕੜਾਕੇ ਦੀ ਇਸ ਠੰਢ “ਚ ਦਿੱਲੀ ਵਿਚ ਸਰਕਾਰ ਦੇ ਕੰਨੀਂ ਆਪਣੀ ਗੱਲ ਪਹੁੰਚਾਉਣ ਦੇ ਮੰਤਵ ਨਾਲ ਹਜ਼ਾਰਾਂ ਕਿਸਾਨ ਅਤੇ ਹੋਰ ਕਿਸਾਨ ਹਮਾਇਤੀ ਡੇਰਾ ਲਗਾ ਕੇ ਬੈਠੇ ਹਨ। ਇਨ੍ਹਾਂ ਲੋਕਾਂ ਦੀ ਹਰ ਤਰ੍ਹਾੰ ਦੀ ਸਹਾਇਤਾ ਕਰਨ ਲਈ ਸੈਂਕੜੇ ਜੱਥੇਬੰਦੀਆਂ ਆਪਣਾ ਯੋਗਦਾਨ ਪਾ ਰਹੀਆਂ ਹਨ।

ਅਜਿਹੀ ਹੀ ਇਕ ਸੇਵਾ ਦੀ ਮਿਸਾਲ ਦਿੱਲੀ ਦੇ ਟਿਕਰੀ ਬਾਰਡਰ ‘ਤੇ ਅਮਰੀਕਾ ਵੱਸਦੇ ਪੰਜਾਬੀ ਮੂਲ ਦੇ ਡਾਕਟਰ ਨੇ ਪੇਸ਼ ਕੀਤੀ ਹੈ, ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਇੱਥੋਂ ਦੇ ਇਕ ਬੱਸ ਸਟੈਂਡ ਨੂੰ ਪਨਾਹ ਘਰ ਵਿਚ ਬਦਲ ਕੇ ਦਿੱਤਾ ਹੈ, ਜਿਸ ਨੂੰ “ਪਿੰਡ ਕੈਲੀਫੋਰਨੀਆ” ਦਾ ਨਾਮ ਦਿੱਤਾ ਗਿਆ ਹੈ। ਪੰਜਾਬ ਦੇ ਖਡੂਰ ਸਾਹਿਬ ਦੇ ਪੱਖੋਕੇ ਪਿੰਡ ਨਾਲ ਸੰਬੰਧਤ ਡਾ. ਸਵਾਈ ਮਾਨ ਸਿੰਘ (ਦਿਲਾਂ ਦੀਆਂ ਬੀਮਾਰੀਆਂ ਦੇ ਮਾਹਰ) ਜੋ ਕਿ 24 ਸਾਲ ਪਹਿਲਾਂ ਨਿਊਜਰਸੀ ਚਲੇ ਗਏ ਸਨ, ਨੇ ਆਪਣੀ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ , ਐੱਨ. ਜੀ. ਓ. ਟੀਮ ਦੇ ਮੈਂਬਰਾਂ ਨਾਲ ਮਿਲ ਕੇ ਬਹਾਦੁਰਗੜ੍ਹ ਦੇ ਉਸਾਰੀ ਅਧੀਨ ਬੱਸ ਅੱਡੇ ਨੂੰ ‘ਪਿੰਡ ਕੈਲੀਫੋਰਨੀਆ’ ਦੇ ਨਾਮ ਨਾਲ ਇਕ ਵੱਡੇ ਪਨਾਹ ਘਰ ਵਿਚ ਤਬਦੀਲ ਕਰ ਦਿੱਤਾ ਹੈ, ਜਿੱਥੇ ਕਿ ਇਸ ਸੰਘਰਸ਼ ਵਿਚ ਸ਼ਾਮਲ ਹੋਏ 4,000 ਤੋਂ ਵੱਧ ਕਿਸਾਨਾਂ ਨੂੰ ਰਿਹਾਇਸ਼ ਮਿਲੇਗੀ। ਇਸ ਦੇ ਨਾਲ ਇਸ ਪਿੰਡ ਕੈਲੀਫੋਰਨੀਆ ਵਿਚ ਕਈ ਸਹੂਲਤਾਂ ਜਿਵੇਂ ਕਿ ਖੇਡਾਂ, ਕੀਰਤਨ, ਸਾਹਿਤ, ਇਲੈਕਟ੍ਰਿਕ ਗੀਜ਼ਰ ਵਾਲੇ ਬਾਥਰੂਮ, ਵਾਸ਼ਿੰਗ ਮਸ਼ੀਨ, ਲੰਗਰ, ਆਦਿ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਇਸ ਸੰਬੰਧੀ ਡਾ. ਸਵਾਈ ਮਾਨ ਸਿੰਘ ਅਨੁਸਾਰ ਉਹ ਮੁਸ਼ਕਲ ਦੇ ਸਮੇਂ ਵਿਚ ਆਪਣੀ ਕੌਂਮ ਦੇ ਲੋਕਾਂ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ। ਇਸ ਲਈ ਉਹ ਆਪਣੀ ਨੌਕਰੀ ਛੱਡ ਕੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੀ ਸੇਵਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ‘ਪਿੰਡ ਕੈਲੀਫੋਰਨੀਆ’ ਕਿਸਾਨਾਂ ਖ਼ਾਸਕਰ ਬਜ਼ੁਰਗ, ਔਰਤਾਂ ਨੂੰ ਘਰੇਲੂ ਸਹੂਲਤਾਂ ਮੁਹੱਈਆ ਕਰਵਾਏਗਾ ,ਜਿਸ ਦੀ ਇਜਾਜ਼ਤ ਮਿਲਣ ਤੋਂ ਬਾਅਦ ਬੱਸ ਅੱਡੇ ਵਿਚ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਡਾਕਟਰ ਸਵਾਈ ਮਾਨ ਸਿੰਘ ਅਨੁਸਾਰ ਹੋਰ ਮੁੱਢਲੀਆਂ ਸਹੂਲਤਾਂ ਨਾਲ ਡਾਕਟਰਾਂ ਦੀ ਇਕ ਟੀਮ ਹਰ ਰੋਜ਼ ਇਮਾਰਤ ਦੇ ਅੰਦਰ ਕਿਸਾਨਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਏਗੀ। ਇਸ ਦੇ ਇਲਾਵਾ ਨੌਜਵਾਨਾਂ ਲਈ ਵੀ ਇੱਥੇ ਖੇਡ ਸਹੂਲਤਾਂ ਦਾ ਪ੍ਰਬੰਧ ਕੀਤੇ ਜਾਣਗੇ। ਇਸ ਦੇ ਇਲਾਵਾ ਅਰਦਾਸ ਕਰਵਾਉਣ ਲਈ ਇਕ ਕੀਰਤਨ ਹਾਲ ਵੀ ਹੋਵੇਗਾ, ਜੋ ਕਿ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। 4,000 ਤੋਂ ਵੱਧ ਲੋਕਾਂ ਨੂੰ ਪਨਾਹ ਦੇਣ ਦੀ ਸਮਰੱਥਾ ਵਾਲੇ ਪਿੰਡ ਕੈਲੀਫੋਰਨੀਆ ਨੂੰ ਭਵਿੱਖ ਵਿਚ 15,000 ਲੋਕਾਂ ਨੂੰ ਪਨਾਹ ਦੇਣ ਦੇ ਯੋਗ ਬਣਾਉਣ ਦੀ ਵੀ ਯੋਜਨਾ ਹੈ। ਇੰਨਾ ਹੀ ਨਹੀਂ ਇਸ ਪਨਾਹ ਘਰ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੀ ਸਫ਼ਾਈ ਅਤੇ ਹੋਰ ਸਾਵਧਾਨੀ ਰੱਖੀ ਜਾ ਰਹੀ ਹੈ। ਇਸ ਸੰਕਟ ਦੇ ਸਮੇਂ ਵਿਚ ਡਾ. ਸਵਾਈ ਮਾਨ ਸਿੰਘ ਨੇ ਆਪਣੇ ਪੇਸ਼ੇ ਨਾਲ ਸੰਬੰਧਤ ਲੋਕਾਂ ਨੂੰ ਕਿਸਾਨਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ। ਜੇਕਰ ਇਸ ਤਰ੍ਹਾਂ ਦੀ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਭਾਵਨਾ ਦੀ ਇੱਛਾ ਹਰ ਇਨਸਾਨ ਵਿਚ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਫ਼ਤਹਿ ਕੀਤੇ ਜਾ ਸਕਦੇ ਹਨ।


Share