ਅਮਰੀਕਾ ਵੱਲੋਂ ਵੀ ਹਵਾਈ ਮੁਸਾਫਰਾਂ ਲਈ ਨਵੇਂ ਨਿਯਮਾਂ ਦਾ ਐਲਾਨ

710
Share

-ਬਗੈਰ ਮਾਸਕ ਵਾਲੇ ਮੁਸਾਫਰਾਂ ਨੂੰ ਜਹਾਜ਼ ਚੜ੍ਹਨ ਦੀ ਇਜਾਜ਼ਤ ਨਹੀਂ ਦੇਵੇਗੀ ਕੋਈ ਵੀ ਏਅਰਲਾਈਨ
ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਅਮਰੀਕਾ ਵੱਲੋਂ ਹਵਾਈ ਮੁਸਾਫਰਾਂ ਲਈ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਅਮਰੀਕਾ ਦੀ ਕੋਈ ਵੀ ਏਅਰਲਾਈਨ ਬਗੈਰ ਮਾਸਕ ਵਾਲੇ ਮੁਸਾਫਰਾਂ ਨੂੰ ਜਹਾਜ਼ ਚੜ੍ਹਨ ਦੀ ਇਜਾਜ਼ਤ ਨਹੀਂ ਦੇਵੇਗੀ। ਇੱਥੋਂ ਤੱਕ ਕਿ ਸਫਰ ਦੌਰਾਨ ਵੀ ਮਾਸਕ ਉਤਾਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਅਜਿਹਾ ਕਰਨ ਵਾਲੇ ਮੁਸਾਫਰਾਂ ਦਾ ਨਾਂ ਨੋ-ਫਲਾਈ ਲਿਸਟ ਵਿਚ ਪਾਇਆ ਜਾ ਸਕਦਾ ਹੈ। ਸਿਰਫ ਖਾਣ-ਪੀਣ ਵੇਲੇ ਹੀ ਮਾਸਕ ਹਟਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਮਰੀਕਾ ਦੀ ਐਵੀਏਸ਼ਨ ਇੰਡਸਟਰੀ 18 ਜੂਨ ਤੋਂ ਨਵੀਂ ਨੀਤੀ ਲਾਗੂ ਕਰ ਰਹੀ ਹੈ। ਨਵੀਂ ਨੀਤੀ ਤਹਿਤ ਫੇਸ ਮਾਸਕ ਪਹਿਨਣਾ ਫਲਾਈਟ ਤੋਂ ਪਹਿਲਾਂ ਕੀਤੀ ਜਾਣ ਵਾਲੀ ਸਕ੍ਰੀਨਿੰਗ ਵਿਚ ਸ਼ਾਮਲ ਹੋਵੇਗਾ ਅਤੇ ਜਿਹੜੇ ਮੁਸਾਫਰਾਂ ਕੋਲ ਮਾਸਕ ਨਹੀਂ ਹੋਣਗੇ, ਉਨ੍ਹਾਂ ਨੂੰ ਏਅਰਲਾਈਨ ਖੁਦ ਮਾਸਕ ਮੁਹੱਈਆ ਕਰਵਾਏਗੀ। ਅਲਾਸਕਾ ਏਅਰਲਾਈਨਜ਼, ਅਮਰੀਕਨ ਏਅਰਲਾਈਨਜ਼, ਡੈਲਟਾ ਏਅਰਲਾਈਨਜ਼, ਹਵਾਈ ਏਅਰਲਾਈਨਜ਼, ਜੈਟ ਬਲੂ ਏਅਰਵੇਜ਼, ਸਾਊਥ ਵੈਸਟ ਏਅਰਲਾਈਨਜ਼ ਅਤੇ ਯੂਨਾਈਟਿਡ ਏਅਰਲਾਈਨਜ਼ ਨੂੰ ਇਸ ਨੀਤੀ ਵਿਚ ਸ਼ਾਮਲ ਕੀਤਾ ਗਿਆ ਹੈ। ਫਲਾਈਟ ਰਵਾਨਾ ਹੋਣ ਤੋਂ ਪਹਿਲਾਂ ਮੁਸਾਫਰਾਂ ਨੂੰ ਮਾਸਕ ਨੀਤੀ ਬਾਰੇ ਦੱਸਿਆ ਜਾਵੇਗਾ ਅਤੇ ਜਹਾਜ਼ ਦੇ ਅੰਦਰ ਵੀ ਇਸ ਬਾਰੇ ਐਲਾਨ ਹੋਵੇਗਾ। ਡੈਲਟਾ ਏਅਰਲਾਈਨਜ਼ ਨੇ ਕਿਹਾ ਕਿ ਮੁਸਾਫਰਾਂ ਨੂੰ ਮਾਸਕ ਪਹਿਨਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਫਲਾਈਟ ਦੌਰਾਨ ਕੋਰੋਨਾਵਾਇਰਸ ਤੋਂ ਬਚਾਅ ਦਾ ਇਹ ਸਭ ਤੋਂ ਅਹਿਮ ਤਰੀਕਾ ਹੈ।


Share