ਅਮਰੀਕਾ ਵੱਲੋਂ ਵੀਅਤਨਾਮ ਨੂੰ ਦਿੱਤੀਆਂ ਜਾਣਗੀਆਂ 1 ਮਿਲੀਅਨ ਵੈਕਸੀਨ ਦੀਆਂ ਖੁਰਾਕਾਂ : ਕਮਲਾ ਹੈਰਿਸ

277
Share

ਫਰਿਜ਼ਨੋ, 26 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਵੱਲੋਂ ਵੀਅਤਨਾਮ ਨੂੰ 1 ਮਿਲੀਅਨ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਦੀਆਂ ਖੁਰਾਕਾਂ ਦਾਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਕਿਉਂਕਿ ਵੀਅਤਨਾਮ ਦੀ ਸਿਰਫ 2% ਆਬਾਦੀ ਨੂੰ ਹੀ ਕੋਰੋਨਾ ਟੀਕਾ ਲਗਾਇਆ ਗਿਆ ਹੈ।
ਹੈਰਿਸ ਨੇ ਸਿੰਗਾਪੁਰ ਤੋਂ ਹਨੋਈ ਪਹੁੰਚਣ ਉਪਰੰਤ ਵੀਅਤਨਾਮੀ ਪ੍ਰਧਾਨ ਮੰਤਰੀ ਫਾਮ ਮਿਨ ਚਿਨ ਨਾਲ ਮੁਲਾਕਾਤ ਦੌਰਾਨ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਵੀ ਅਮਰੀਕਾ, ਵੀਅਤਨਾਮ ਨੂੰ 5 ਮਿਲੀਅਨ ਖੁਰਾਕਾਂ ਦਾਨ ਕਰ ਚੁੱਕਾ ਹੈ। ਉਪ ਰਾਸ਼ਟਰਪਤੀ ਅਨੁਸਾਰ ਇਹ ਟੀਕੇ ਆਉਂਦੇ ਦਿਨਾਂ ਦੇ ਅੰਦਰ ਵੀਅਤਨਾਮ ਵਿੱਚ ਪਹੁੰਚਣੇ ਸ਼ੁਰੂ ਹੋ ਜਾਣਗੇ। ਟੀਕੇ ਦੀਆਂ ਨਵੀਆਂ ਖੁਰਾਕਾਂ ਤੋਂ ਇਲਾਵਾ, ਅਮਰੀਕੀ ਰਿਸਕਿਊ ਯੋਜਨਾ ਅਤੇ ਐਮਰਜੈਂਸੀ ਫੰਡਿੰਗ ਤਹਿਤ 23 ਮਿਲੀਅਨ ਡਾਲਰ  ਵੀ ਵੀਅਤਨਾਮ ਨੂੰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਵੀਅਤਨਾਮ ਨੂੰ  ਕੋਵਿਡ ਨਾਲ ਲੜਨ ਵਿੱਚ ਸਹਾਇਤਾ ਕੀਤੀ ਜਾ ਸਕੇ।
ਇਸਦੇ ਇਲਾਵਾ  ਦੇਸ਼ ਭਰ ਵਿੱਚ ਟੀਕੇ ਸਟੋਰ ਕਰਨ ਲਈ 77 ਫ੍ਰੀਜ਼ਰ ਵੀ ਇਸ ਦੇਸ਼ ਨੂੰ ਦਿੱਤੇ ਜਾ ਰਹੇ ਹਨ।
ਵੀਅਤਨਾਮ ਵਿੱਚ  ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆ ਰਹੇ ਹਨ,  ਜਿਸ ਵਿੱਚ ਜਿਆਦਾਤਰ ਮਾਮਲੇ ਬਿਨਾਂ ਕੋਰੋਨਾ ਟੀਕਾਕਰਨ ਦੇ ਦਰਜ ਹੋਏ ਹਨ।

Share