ਅਮਰੀਕਾ ਵੱਲੋਂ ਭਾਰਤ ਸਮੇਤ 6 ਦੇਸ਼ਾਂ ’ਤੇ ਲਾਇਆ ਵਾਧੂ ਟੈਕਸ ਮੁਅੱਤਲ

119
Share

ਵਾਸ਼ਿੰਗਟਨ, 6 ਜੂਨ (ਪੰਜਾਬ ਮੇਲ)- ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ 6 ਦੇਸ਼ਾਂ ’ਤੇ ਵਾਧੂ ਟੈਕਸ ਲਗਾਉਣ ਦਾ ਐਲਾਨ ਕੀਤਾ, ਜੋ ਅਮਰੀਕੀ ਈ-ਕਾਮਰਸ ਕੰਪਨੀਆਂ ’ਤੇ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਹਨ ਜਾਂ ਲਗਾਉਣ ’ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਇਸ ਟੈਕਸ ਨੂੰ 6 ਮਹੀਨਿਆਂ ਲਈ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਅਮਰੀਕਾ ਨੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਅਤੇ ਜੀ-20 ’ਚ ਅੰਤਰਰਾਸ਼ਟਰੀ ਟੈਕਸੇਸ਼ਨ ਨੂੰ ਲੈ ਕੇ ਚੱਲ ਰਹੀ ਬਹੁ-ਪੱਖੀ ਗੱਲਬਾਤ ਦੇ ਪੂਰਾ ਹੋਣ ਲਈ ਸਮਾਂ ਦਿੰਦੇ ਹੋਏ 6 ਮਹੀਨੇ ਲਈ ਇਸ ਵਾਧੂ ਚਾਰਜ ਨੂੰ ਲਗਾਉਣ ਦੇ ਨਾਲ ਹੀ ਮੁਅੱਤਲ ਕਰ ਦਿੱਤਾ। ਅਮਰੀਕਾ ਦੀ ਵਪਾਰ ਪ੍ਰਤੀਨਿੱਧੀ ਕੈਥਰੀਨ ਤਾਈ ਨੇ ਇਕ ਬਿਆਨ ਜਾਰੀ ਕਰ ਕੇ ਆਸਟਰੀਆ, ਭਾਰਤ, ਇਟਲੀ, ਸਪੇਨ, ਤੁਰਕੀ ਅਤੇ ਬਿ੍ਰਟੇਨ ਵੱਲੋਂ ਅਪਨਾਏ ਗਏ ਡਿਜੀਟਲ ਸਰਵਿਸ ਟੈਕਸ ’ਤੇ ਇਕ ਸਾਲ ਦੀ ਜਾਂਚ ਦੀ ਸਮਾਪਤੀ ਦਾ ਐਲਾਨ ਕੀਤਾ।
2020 ਮਾਰਚ ’ਚ ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ ਦੇਸ਼ਾਂ ’ਤੇ ਜਵਾਬੀ ਕਾਰਵਾਈ ਦਾ ਪ੍ਰਸਤਾਵ ਰੱਖਿਆ ਸੀ, ਜੋ ਅਮਰੀਕਾ ਦੀਆਂ ਈ-ਕਾਮਰਸ ਕੰਪਨੀਆਂ ’ਤੇ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਸਨ ਜਾਂ ਲਗਾਉਣ ਦੀ ਤਿਆਰੀ ’ਚ ਸਨ। ਅਮਰੀਕਾ ਨੇ ਇਨ੍ਹਾਂ ਦੇਸ਼ਾਂ ’ਤੇ 25 ਫ਼ੀਸਦੀ ਤੱਕ ਜ਼ਿਆਦਾ ਵਾਧੂ ਟੈਕਸ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਦੇ ਨਾਲ ਅਮਰੀਕਾ ਵੀ ਉਨ੍ਹਾਂ ਦੇ ਸਾਮਾਨਾਂ ’ਤੇ ਇੰਨਾ ਟੈਕਸ ਵਸੂਲ ਕਰ ਸਕੇ, ਜਿਨ੍ਹਾਂ ਅਮਰੀਕੀ ਕੰਪਨੀਆਂ ’ਤੇ ਇਹ ਦੇਸ਼ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਹਨ। ਤਾਈ ਨੇ ਕਿਹਾ ਕਿ ਅਮਰੀਕਾ ਓ.ਈ.ਸੀ.ਡੀ. ਅਤੇ ਜੀ-20 ਪ੍ਰਕਿਰਿਆ ਦੇ ਜ਼ਰੀਏ ਅੰਤਰਰਾਸ਼ਟਰੀ ਟੈਕਸੇਸ਼ਨ ਨੂੰ ਲੈ ਕੇ ਆਮ ਸਹਿਮਤੀ ਬਣਾਉਣ ਲਈ ਵਚਨਬੱਧ ਹੈ।

Share