ਅਮਰੀਕਾ ਵੱਲੋਂ ਭਾਰਤ ਸਮੇਤ ਕਈ ਦੇਸ਼ਾਂ ਤੋਂ ਯਾਤਰਾ ਪਾਬੰਦੀਆਂ ਹਟਾਈਆਂ

407
Share

ਵਾਸ਼ਿੰਗਟਨ, 10 ਨਵੰਬਰ (ਪੰਜਾਬ ਮੇਲ)- ਅਮਰੀਕਾ ਨੇ ਸੋਮਵਾਰ ਨੂੰ ਭਾਰਤ ਸਣੇ ਕਈ ਦੇਸ਼ਾਂ ਦੇ ਯਾਤਰੀਆਂ ਤੋਂ ਕਰੋਨਾ ਦੇ ਮੱਦੇਨਜ਼ਰ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ ਤੋਂ ਇਲਾਵਾ ਮੈਕਸੀਕੋ, ਕੈਨੇਡਾ ਅਤੇ ਯੂਰਪ ਦੇ ਜ਼ਿਆਦਾਤਰ ਮੁਲਕ ਸ਼ਾਮਲ ਹਨ। ਹਵਾਈ ਯਾਤਰਾ ਦੇ ਨਵੇਂ ਨਿਯਮਾਂ ਤਹਿਤ ਇਨ੍ਹਾਂ ਦੇਸ਼ਾਂ ਦੇ ਸਿਰਫ਼ ਉਹੀ ਲੋਕ ਅਮਰੀਕਾ ਦੀ ਯਾਤਰਾ ਕਰ ਸਕਦੇ ਹਨ, ਜਿਹੜੇ ਕੋਵਿਡ-19 ਰੋਕੂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਯਾਤਰੀਆਂ ਨੂੰ ਪੂਰਨ ਟੀਕਾਕਰਨ ਦੇ ਸਬੂਤ ਅਤੇ ਸੰਕ੍ਰਮਿਤ ਨਾ ਹੋਣ ਦੀ ਪੁਸ਼ਟੀ ਕਰਨ ਵਾਲੀ ਰਿਪੋਰਟ ਦਿਖਾਉਣੀ ਹੋਵੇਗੀ।
ਨਵੇਂ ਨਿਯਮਾਂ ਮੁਤਾਬਕ ਪਹਿਲਾਂ ਪਾਬੰਦੀਸ਼ੁਦਾ ਮੁਲਕਾਂ ਦੇ ਲੋਕਾਂ ਨੂੰ ਹੁਣ ਹਵਾਈ ਸਫ਼ਰ ਦੀ ਆਗਿਆ ਦੇ ਦਿੱਤੀ ਗਈ ਹੈ, ਜਦਕਿ ਮੁਸਾਫ਼ਰਾਂ ਲਈ ਟੀਕਾਕਰਨ ਦਾ ਸਬੂਤ ਤੇ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਕੋਲ ਰੱਖਣਾ ਲਾਜ਼ਮੀ ਹੈ। ਮੈਕਸਿਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਟੀਕਾਕਰਨ ਸਬੰਧੀ ਸਬੂਤ ਕੋਲ ਰੱਖਣ ਦੀ ਲੋੜ ਪਵੇਗੀ, ਜਦਕਿ ਕਰੋਨਾ ਟੈਸਟ ਦੀ ਲੋੜ ਨਹੀਂ ਹੈ।
ਸੜਕੀ ਯਾਤਰਾ ਦੇ ਨਵੇਂ ਨਿਯਮਾਂ ਮੁਤਾਬਕ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਲੋਕਾਂ ਨੂੰ ਟੀਕਾਕਰਨ ਦਾ ਸਬੂਤ ਦਿਖਾਉਣਾ ਹੋਵੇਗਾ ਪਰ ਕਿਸੇ ਤਰ੍ਹਾਂ ਦੀ ਕੋਈ ਜਾਂਚ ਰਿਪੋਰਟ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸਾਰੀਆਂ ਏਅਰਲਾਈਨਾਂ ਯੂਰਪ ਅਤੇ ਹੋਰ ਜਗ੍ਹਾਵਾਂ ਤੋਂ ਜ਼ਿਆਦਾ ਯਾਤਰੀਆਂ ਦੇ ਆਉਣ ਦੀ ਉਮੀਦ ਕਰ ਰਹੀਆਂ ਹਨ। ਯਾਤਰਾ ਅਤੇ ਵਿਸ਼ਲੇਸ਼ਣ ਕੰਪਨੀ ‘ਸਿਰੀਅਮ’ ਦੇ ਅੰਕੜਿਆਂ ਮੁਤਾਬਕ ਏਅਰਲਾਈਨਜ਼ ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਪਿਛਲੇ ਮਹੀਨੇ ਦੀ ਤੁਲਨਾ ’ਚ ਇਸ ਮਹੀਨੇ ਉਡਾਣਾਂ ’ਚ 21 ਫ਼ੀਸਦੀ ਦਾ ਵਾਧਾ ਹੋਇਆ ਹੈ। ਨਿਯਮਾਂ ਵਿਚ ਬਦਲਾਅ ਨਾਲ ਸੜਕ ਦੇ ਰਸਤੇ ਮੈਕਸੀਕੋ ਅਤੇ ਕੈਨੇਡਾ ਆਉਣ-ਜਾਣ ਵਾਲੇ ਲੋਕਾਂ ਦੀ ਸੰਖਿਆ ਵਿਚ ਵੀ ਵਾਧਾ ਹੋਵੇਗਾ।
ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਅਮਰੀਕਾ ਨੇ ਕੁੱਝ ਦੇਸ਼ਾਂ ਤੋਂ ਲੋਕਾਂ ਦੇ ਦੇਸ਼ ਵਿਚ ਆਉਣ ’ਤੇ ਰੋਕ ਲਗਾ ਦਿੱਤੀ ਸੀ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਮੁਤਾਬਕ ਅਮਰੀਕਾ ’ਚ ਸਿਰਫ਼ ਉਹੀ ਯਾਤਰੀ ਆ ਸਕਦੇ ਹਨ, ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰ ਕੀਤੇ ਗਏ ਕਿਸੇ ਵੀ ਕੋਵਿਡ-19 ਰੋਕੂ ਟੀਕੇ ਦੀ ਪੂਰੀ ਖ਼ੁਰਾਕ ਲਈ ਹੋਵੇ। ਹਵਾਈ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਨਾਲ ਜੁੜੀ ਪੂਰੀ ਜਾਣਕਾਰੀ ਏਅਰਲਾਈਨਜ਼ ਨੂੰ ਰੱਖਣੀ ਹੋਵੇਗੀ, ਕਿਸੇ ਵੀ ਨਿਯਮ ਦੇ ਉਲੰਘਣ ’ਤੇ ਉਨ੍ਹਾਂ ਨੂੰ 35,000 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Share