ਅਮਰੀਕਾ ਵੱਲੋਂ ਪਾਕਿ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਹਾਲੇ ਵੀ ਮੁਅੱਤਲ

79
Share

ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਪੇਂਟਾਗਨ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮੁਅੱਤਲ ਕਰ ਦਿੱਤੀ ਸੀ, ਉਹ ਹਾਲੇ ਵੀ ਮੁਅੱਤਲ ਹੈ। ਅਮਰੀਕਾ ਵੱਲੋਂ ਇਹ ਗੱਲ ਅਜਿਹੇ ਸਮੇਂ ਵਿਚ ਕਹੀ ਗਈ ਹੈ, ਜਦੋਂ ਹਾਲ ਹੀ ਵਿਚ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਪਾਕਿਸਤਾਨ ਦੇ ਸੈਨਾ ਪ੍ਰਮੱਖ ਕਮਰ ਜਾਵੇਦ ਬਾਜਵਾ ਨਾਲ ਗੱਲ ਕੀਤੀ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਵਾ ਸੁਲਿਵਨ ਨੇ ਜਿਨੇਵਾ ’ਚ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਜਨਵਰੀ 2018 ’ਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਮੁਅੱਤਲ ਕਰਦਿਆਂ ਕਿਹਾ ਸੀ ਕਿ ਉਹ ਅੱਤਵਾਦ ਦੇ ਖ਼ਿਲਾਫ਼ ਲੜਾਈ ’ਚ ਪਾਕਿਸਤਾਨ ਦੀ ਭੂਮਿਕਾ ਅਤੇ ਉਸ ਦੇ ਵੱਲੋਂ ਮਿਲਣ ਵਾਲੇ ਸਹਿਯੋਗ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ। ਆਸਟਿਨ ਨੇ ਜਨਰਲ ਬਾਜਵਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨਾਲ ਸਾਂਝੇ ਹਿੱਤਾਂ ਅਤੇ ਉਦੇਸ਼ਾਂ ਦੇ ਬਾਰੇ ਚਰਚਾ ਕੀਤੀ। ਰੱਖਿਆ ਮੰਤਰੀ ਨੇ ਅਫਗਾਨਿਸਤਾਨ ਸ਼ਾਂਤੀ ਵਾਰਤਾ ਵਿਚ ਪਾਕਿਸਤਾਨ ਦੇ ਸਮਰਥਨ ਦੀ ਪ੍ਰਸ਼ੰਸਾ ਕੀਤੀ ਅਤੇ ਅਮਰੀਕਾ-ਪਾਕਿਸਤਾਨ ਦੋ-ਪੱਖੀ ਸੰਬੰਧਾਂ ਨੂੰ ਵਧਾਉਣ ਦੀ ਆਪਣੀ ਇੱਛਾ ਜ਼ਾਹਰ ਕੀਤੀ।

Share