ਅਮਰੀਕਾ ਵੱਲੋਂ ਜੂਨ ਦੇ ਅਖੀਰ ਤੱਕ ਮਨਜ਼ੂਰਸ਼ੁਦਾ ਵੈਕਸੀਨ ਦੀਆਂ 2 ਕਰੋੜ ਖੁਰਾਕਾਂ ਹੋਰ ਦੇਸ਼ਾਂ ਨੂੰ ਦੇਣ ਦਾ ਐਲਾਨ

122
Share

ਵਾਸ਼ਿੰਗਟਨ, 19 ਮਈ (ਪੰਜਾਬ ਮੇਲ)- ਅਮਰੀਕਾ ’ਚ ਹੁਣ ਕਰੋਨਾਵਾਇਰਸ ਦੀ ਰਫਤਾਰ ਘੱਟ ਹੋ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮਾਸਕ ਹਟਾ ਕੇ ਇਸ ਦਾ ਐਲਾਨ ਕਰ ਦਿੱਤਾ ਹੈ। ਇਸ ਮਗਰੋਂ ਬਾਈਡੇਨ ਨੇ ਬੀਤੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਜੂਨ ਦੇ ਅਖੀਰ ਤੱਕ ਆਪਣੇ ਇੱਥੇ ਮਨਜ਼ੂਰਸ਼ੁਦਾ ਵੈਕਸੀਨ ਦੀਆਂ ਘੱਟੋ-ਘੱਟ 2 ਕਰੋੜ ਖੁਰਾਕਾਂ ਹੋਰ ਦੇਸ਼ਾਂ ਨੂੰ ਦੇਵੇਗਾ।
ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਆਪਣੇ ਦੇਸ਼ ਵਿਚ ਮਨਜ਼ੂਰਸ਼ੁਦਾ ਵੈਕਸੀਨ ਹੋਰ ਦੇਸ਼ਾਂ ਨੂੰ ਦੇਣ ਦੀ ਘੋਸ਼ਣਾ ਕੀਤੀ ਹੈ। ਬਾਇਡਨ ਨੇ ਕਿਹਾ ਕਿ ਉਹ ਫਾਈਜ਼ਰ, ਬਾਇਓਨਟੈਕ, ਮੋਡਰਨਾ, ਜਾਨਸਨ ਐਂਡ ਜਾਨਸਨ ਅਤੇ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਹੋਰ ਦੇਸ਼ਾਂ ਨੂੰ ਦੇਣ ਦੀ ਯੋਜਨਾ ਬਣਾ ਚੁੱਕੇ ਹਨ। ਭਾਵੇਂਕਿ ਹੋਰ ਵੈਕਸੀਨ ਦੀ ਤਰ੍ਹਾਂ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨੂੰ ਅਮਰੀਕਾ ਵਿਚ ਵਰਤੋਂ ਦੀ ਮਨਜ਼ੂਰੀ ਨਹੀਂ ਮਿਲੀ ਹੈ।
ਬਾਇਡਨ ਨੇ ਕਿਹਾ ਕਿ ਦੁਨੀਆਂ ਦਾ ਕੋਈ ਵੀ ਦੇਸ਼ ਅਮਰੀਕਾ ਤੋਂ ਜ਼ਿਆਦਾ ਵੈਕਸੀਨ ਵਿਦੇਸ਼ ਨਹੀਂ ਭੇਜੇਗਾ। ਅਮਰੀਕਾ ਵਿਚ ਲਗਭਗ 60 ਫੀਸਦੀ ਤੱਕ ਬਾਲਗ ਨਾਗਰਿਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ। ਟੀਕਾਕਰਨ ਦੇ ਮਾਮਲੇ ’ਚ ਇਹ ਭਾਰਤ ਅਤੇ ਬ੍ਰਾਜ਼ੀਲ ਜਿਹੇ ਕਈ ਹੋਰ ਦੇਸ਼ਾਂ ਤੋਂ ਅੱਗੇ ਹੈ, ਜੋ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।


Share