ਅਮਰੀਕਾ ਵੱਲੋਂ ਖਰੀਦੀਆਂ ਜਾਣਗੀਆਂ ਫਾਈਜ਼ਰ ਦੀਆਂ 500 ਮਿਲੀਅਨ ਖੁਰਾਕਾਂ

222
Share

ਫਰਿਜ਼ਨੋ, 23 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਪ੍ਰਸ਼ਾਸਨ ਦੁਆਰਾ ਵਿਸ਼ਵ ਭਰ ’ਚ ਵੰਡਣ ਲਈ ਫਾਈਜ਼ਰ ਕੰਪਨੀ ਦੀਆਂ ਲੱਖਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਖਰੀਦੀਆਂ ਜਾਣਗੀਆਂ। ਇਸ ਸਬੰਧੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੁਨੀਆਂ ਭਰ ਦੇ ਗਰੀਬ ਦੇਸ਼ਾਂ ਨੂੰ ਦੇਣ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਦੀਆਂ 500 ਮਿਲੀਅਨ ਹੋਰ ਖੁਰਾਕਾਂ ਖਰੀਦੇਗਾ। ਇਸ ਨਾਲ ਕੋਰੋਨਾ ਖੁਰਾਕਾਂ ਦੀ ਗਿਣਤੀ ਬਾਇਡਨ ਦੁਆਰਾ ਸਹਾਇਤਾ ਲਈ ਮਿੱਥੇ ਗਏ ਟੀਚੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੋ ਜਾਵੇਗੀ। ਬਾਇਡਨ ਨੇ ਵਿਸ਼ਵ ਨੇਤਾਵਾਂ ਨਾਲ ਇੱਕ ਵਰਚੁਅਲ ਸਿਖਰ ਸੰਮੇਲਨ ਦੌਰਾਨ ਮਹਾਂਮਾਰੀ ਨੂੰ ਹਰਾਉਣ ਉੱਤੇ ਜ਼ੋਰ ਦਿੱਤਾ। ਬਾਇਡਨ ਨੇ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਨੇ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਲਗਭਗ 160 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨੂੰ 100 ਦੇਸ਼ਾਂ ’ਚ ਭੇਜਿਆ ਹੈ।
ਇਸੇ ਹੀ ਲੜੀ ਤਹਿਤ ਲਗਭਗ ਅੱਧਾ ਬਿਲੀਅਨ ਖੁਰਾਕਾਂ ਅਗਲੇ ਸਾਲ ਦੇ ਇਸ ਸਮੇਂ ਤੱਕ ਭੇਜ ਦਿੱਤੀਆਂ ਜਾਣਗੀਆਂ।
ਇਹ ਖੁਰਾਕਾਂ ਬਾਇਡਨ ਪ੍ਰਸ਼ਾਸਨ ਦੁਆਰਾ ਦਿੱਤੀਆਂ ਜਾਣ ਵਾਲੀਆਂ 1.1 ਬਿਲੀਅਨ ਖੁਰਾਕਾਂ ਦਾ ਹਿੱਸਾ ਹਨ।
ਬਾਇਡਨ ਅਨੁਸਾਰ ਅਮਰੀਕੀ ਟੀਕੇ, ਕੋਵੈਕਸ ਗਲੋਬਲ ਵੈਕਸੀਨ ਏਜੰਸੀ ਦੁਆਰਾ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਦੁਨੀਆਂ ਦੀ ਲਗਭਗ 43 ਪ੍ਰਤੀਸ਼ਤ ਆਬਾਦੀ ਨੂੰ 5.9 ਬਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ, ਪਰ ਸਭ ਤੋਂ ਗਰੀਬ ਕੁੱਝ ਦੇਸ਼ਾਂ ਨੇ ਅਜੇ ਵੀ 2 ਜਾਂ 3 ਪ੍ਰਤੀਸ਼ਤ ਤੋਂ ਵੱਧ ਟੀਕਾਕਰਨ ਦੀਆਂ ਦਰਾਂ ਪ੍ਰਾਪਤ ਨਹੀਂ ਕੀਤੀਆਂ ਹਨ।

Share